ਪਰਿਵਾਰ ਦੇ ਨਾਲ ਨਾਲ ਇੰਡੀਆ ਦਾ ਕਰ ਰਹੀ ਨਾਮ ਰੌਸ਼ਨ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਅਜੋਕੇ ਸਮੇਂ ਦੌਰਾਨ ਵਿਦੇਸ਼ਾਂ ਦੀ ਧਰਤੀ ‘ਤੇ ਰੈਣ ਬਸੇਰਾ ਕਰ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਬੱਚੇ ਵੀ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਲੱਗ ਪਏ ਹਨ. ਜਿਸ ਦੀ ਮਿਸਾਲ ਇਸ ਸਾਲ ਵੀ ਇਟਲੀ ਵਿੱਚ ਵਸਦੇ ਪੰਜਾਬੀਆਂ ਦੇ ਹੋਣਹਾਰ ਬੱਚਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਵਿੱਦਿਅਕ, ਖੇਡਾਂ ਆਦਿ ਵਿੱਚ ਮੱਲਾਂ ਮਾਰ ਕੇ ਕਾਮਯਾਬੀ ਹਾਸਲ ਕੀਤੀ ਹੈ, ਉਥੇ ਬੀਤੇ ਸਮੇਂ ਦੌਰਾਨ ਉੱਤਰੀ ਇਟਲੀ ਦੀ ਵਸਨੀਕ ਪੰਜਾਬੀ ਮੂਲ ਦੀ ਜਸ਼ਨਦੀਪ ਕੌਰ ਗਿੱਲ ਵਲੋਂ ਇਟਲੀ ਦੇ ਆਰੇਸੋ ਸ਼ਹਿਰ ਵਿਖੇ ਹੋਏ 90 ਕਿਲੋਮੀਟਰ ਘੋੜ ਸਵਾਰੀ ਦੇ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਸੀ. ਜਸ਼ਨਦੀਪ ਕੌਰ ਅਤੇ ਉਸਦੇ ਪਿਤਾ ਪਰਮਿੰਦਰ ਸਿੰਘ ਗਿੱਲ ਰਵੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, ਮੇਰੀ ਬੇਟੀ 2013 ਵਿੱਚ ਪਰਿਵਾਰ ਸਮੇਤ ਇਟਲੀ ਆਈ ਸੀ, ਜਿਸ ਨੇ ਪੜ੍ਹਾਈ ਦੇ ਨਾਲ 2015 ਘੋੜ ਸਵਾਰੀ ਦੀ ਸਿਖਲਾਈ ਪੀਏਤਰੋ ਮੋਨਤੇ ਤੇ ਸਾਰਾ ਗੁਸੋਨੀ ਤੋਂ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਸੀ. ਉਸ ਨੇ ਸਖ਼ਤ ਮਿਹਨਤ ਨਾਲ 2017 ਵਿੱਚ ਪਹਿਲੀ ਵਾਲ 30 ਕਿਲੋਮੀਟਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਸੀ. ਇਸ ਤੋਂ ਬਾਅਦ ਜਸ਼ਨਦੀਪ ਨੇ ਹੋਰ ਸਖ਼ਤ ਮਿਹਨਤ ਕਰਦਿਆਂ ਅੱਗੇ ਵਧਣ ਦੇ ਜਨੂੰਨ ਵਿੱਚ ਕਾਮਯਾਬ ਹੋਣ ਲਈ 2019, 2020 ਵਿੱਚ 30,60,90 ਕਿਲੋਮੀਟਰ ਦੇ ਮੁਕਾਬਲਿਆਂ ਵਿੱਚ ਵੀ ਰਹਿ ਕੇ ਆਪਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਆਰੇਸੋ ਸ਼ਹਿਰ ਵਿੱਚ ਹੋਏ ਮੁਕਾਬਲੇ ਵਿੱਚ ਵੀ ਜਸ਼ਨਦੀਪ ਕੌਰ ਨੇ ਘੋੜ ਸਵਾਰੀ ਵਿੱਚ ਇਟਾਲੀਅਨ ਬੱਚਿਆਂ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਬੀਤੇ ਮਈ ਮਹੀਨੇ ਜਸ਼ਨਦੀਪ ਕੌਰ ਗਿੱਲ ਨੇ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਅੰਤਰਰਾਸ਼ਟਰੀ ਪੱਧਰ ਤੇ ਘੋੜ ਸਵਾਰੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਉਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ, ਜ਼ੋ ਕਿ ਇਟਲੀ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ. ਹੁਣ ਇੱਕ ਵਾਰ ਫਿਰ ਤੋਂ ਬੀਤੇ ਦਿਨੀਂ 20 ਜੂਨ 2021 ਨੂੰ ਇਟਲੀ ਦੇ ਸੂਬਾ ਤੁਸਕਾਨਾ ਦੇ ਜ਼ਿਲ੍ਹਾ ਆਰੇਸੋ ਦੇ ਮੋਨਤਲਚੀਨੋ ਵਿਖੇ ਹੋਏ 80 ਕਿਲੋਮੀਟਰ ਦੇ ਘੋੜ ਸਵਾਰੀ ਮੁਕਾਬਲੇ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ. ਇਸ ਮੁਕਾਬਲੇ ਵਿੱਚ 20 ਘੋੜ ਸਵਾਰਾਂ ਨੇ ਆਪਣੀ ਕਿਸਮਤ ਚਮਕਾਈ ਸੀ.
ਦੱਸਣਯੋਗ ਹੈ ਕਿ ਜਸ਼ਨਦੀਪ ਕੌਰ ਗਿੱਲ ਦਾ ਪਿਛੋਕੜ ਪਿੰਡ ਧਮੋਟ ਕਲਾਂ, ਜ਼ਿਲ੍ਹਾ ਲੁਧਿਆਣਾ ਹੈ ਅਤੇ ਇਸ ਸਮੇਂ ਆਪਣੇ ਪਰਿਵਾਰ ਨਾਲ ਇਟਲੀ ਦੇ ਜ਼ਿਲ੍ਹਾ ਅਸਤੀ ਦੇ ਕਸਬਾ ਮਨਕਾਲਵੋ ਵਿਖੇ ਰਹਿ ਰਹੀ ਹੈ. ਜਸ਼ਨਦੀਪ ਕੌਰ ਨੇ ਮਾਂ ਬੋਲੀ ਪੰਜਾਬੀ ਤੋਂ ਇਲਾਵਾ ਇਟਾਲੀਅਨ, ਇੰਗਲਿਸ਼, ਫਰੈਂਚ, ਸਪੈਨਿਸ਼, ਡੁੱਚ ਆਦਿ ਭਾਸ਼ਾਵਾਂ ਵਿੱਚ ਡਿਪਲੋਮਾ ਵੀ ਹਾਸਲ ਕੀਤਾ ਹੋਇਆ ਹੈ।