ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ ਸੰਮਤ 1723 ਨੂੰ ਹੋਇਆ ਸੀ ਤਾਂ ਪ੍ਰਕਾਸ਼ ਪੁਰਬ ਹਰ ਸਾਲ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾਂਦਾ? ਇਹ ਸ਼ਬਦ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਮੁੱਖੀ ਗੁਰਮਤਿ ਸੇਵਾ ਲਹਿਰ (ਭਾਈ ਬਖ਼ਤੌਰ) ਬਠਿੰਡਾ ਨੇ ਪ੍ਰੈੱਸ ਦੇ ਨਾਮ ਜਾਰੀ ਕਰਦਿਆਂ ਇੱਕ ਪ੍ਰੈੱਸ ਨੋਟ ’ਚ ਕਹੇ। ਉਨ੍ਹਾਂ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਇਸ਼ਤਿਹਾਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ ਸੰਮਤ 1723 ਨੂੰ ਹੋਇਆ। ਇਸ਼ਤਿਹਾਰ ’ਚ ਦਿੱਤੀ ਇਹ ਤਾਰੀਖ਼ ਇਤਿਹਾਸਕ ਸੋਮਿਆਂ ਨਾਲ 100% ਮੇਲ ਖਾਂਦੀ ਹੈ, ਪਰ ਹੈਰਾਨੀ ਹੈ ਕਿ ਉਸੇ ਇਸ਼ਤਿਹਾਰ ’ਚ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੁਰਪੁਰਬ 14 ਪੋਹ/29 ਦਸੰਬਰ ਨੂੰ ਮਨਾਏ ਜਾਣ ਦੀ ਸੂਚਨਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੂੰ ਸਵਾਲ ਹੈ ਗੁਰਪੁਰਬ 14 ਪੋਹ/29 ਦਸੰਬਰ ਨੂੰ ਕਿਉਂ ਮਨਾਇਆ ਜਾ ਰਿਹਾ ਹੈ; ਸਹੀ ਤਾਰੀਖ਼ 23 ਪੋਹ ਨੂੰ ਕਿਉਂ ਨਹੀਂ? ਕਿਸੇ ਵੀ ਇਤਿਹਾਸਕ ਸੋਮੇ ’ਚ ਨਾ ਕਿਧਰੇ 14 ਪੋਹ ਲਿਖਿਆ ਹੈ ਨਾ 29 ਦਸੰਬਰ। ਜਿਸ ਪੋਹ ਸੁਦੀ ੭ ਦਾ ਇਹ ਰੌਲ਼ਾ ਪਾ ਰਹੇ ਹਨ ਉਹ ਨਾਂ ਤਾਂ ਇਸ ਇਸ਼ਤਿਹਾਰ ’ਚ ਲਿਖੀ ਹੈ ਅਤੇ ਨਾ ਹੀ ਕਿਤੇ ਆਪਣੇ ਕੈਲੰਡਰ ਜਾਂ ਜੰਤਰੀ ’ਚ ਦਰਜ ਕਰਦੀ ਹੈ। ਇਸ ਦਾ ਭਾਵ ਸਪਸ਼ਟ ਹੈ ਕਿ ਇਨ੍ਹਾਂ ਨੂੰ ਪਤਾ ਹੈ ਪੋਹ ਸੁਦੀ ੭ ਦੀ ਆਮ ਸਿੱਖ ਸੰਗਤ ਨੂੰ ਕੋਈ ਸਮਝ ਨਹੀਂ ਹੈ ਕਿ ਇਹ ਕਿਸ ਦਿਨ ਆਉਣੀ ਹੈ? ਫਿਰ ਸੁਦੀਆਂ ਵਦੀਆਂ ਦੇ ਨਾਮ ’ਤੇ ਸਿੱਖ ਇਤਿਹਾਸ ਕਿਉਂ ਵਿਗਾੜਿਆ ਜਾ ਰਿਹਾ ਹੈ ਅਤੇ ਸੰਗਤਾਂ ’ਚ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਸਬੰਧੀ ਦੁਬਿਧਾ ਕਿਉਂ ਪੈਦਾ ਕੀਤੀ ਜਾਂਦੀ ਹੈ? ਗੁਰਪੁਰਬ ਦੀਆਂ 10 ਸਾਲਾਂ ਦੀਆਂ ਤਾਰੀਖ਼ਾਂ ਦੇ ਬਣਾਏ ਟੇਬਲ ਤੋਂ ਵੇਖਿਆ ਜਾ ਸਕਦਾ ਹੈ ਕਿ 2017 ਈ: ’ਚ ਗੁਰਪੁਰਬ ਦੋ ਵਾਰ ਆਇਆ, 2018 ’ਚ ਆਇਆ ਨਹੀਂ; 2022 ’ਚ ਦੋ ਵਾਰ ਆ ਗਿਆ 2023 ’ਚ ਆਵੇਗਾ ਨਹੀਂ; 2025 ਫਿਰ ਦੋ ਵਾਰ ਆਵੇਗਾ, ਭਾਵ 10 ਸਾਲਾਂ ’ਚੋਂ 3 ਸਾਲ ਦੋ-ਦੋ ਵਾਰ ਆਇਆ; 2 ਸਾਲ ਆਇਆ ਨਹੀਂ। 2017 ’ਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ ਅਤੇ ਇਸ ਸਾਲ 2022 ’ਚ ਇਕ ਦਿਨ ਪਿੱਛੋਂ ਆਇਆ। 2025 ’ਚ ਦੋਵੇਂ ਦਿਹਾੜੇ ਇਕੱਠੇ ਇੱਕੇ ਦਿਨ 13 ਪੋਹ ਨੂੰ ਆਉਣਗੇ ਬਾਕੀ ਦੇ ਸਾਲਾਂ ’ਚ ਗੁਰਪੁਰਬ ਦਾ ਦਿਨ 11 ਪੋਹ ਤੋਂ 7 ਮਾਘ ਤੱਕ ਅੱਗੇ ਪਿੱਛੇ ਟਪੂਸੀਆਂ ਮਾਰਦਾ ਰਿਹਾ। ਸ੍ਰੋਮਣੀ ਕਮੇਟੀ ਨੂੰ ਸਵਾਲ ਹੈ ਕਿ ਜੇ ਹਰ ਸਾਲ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾਂਦਾ ਹੈ ਤਾਂ ਗੁਰਪੁਰਬ ਹਰ ਸਾਲ 23 ਪੋਹ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ?
ਬਠਿੰਡਾ ਸ਼ਹਿਰ ਸਥਿਤ ਗੁਰਦੁਆਰਿਆਂ ਦੀਆਂ ਸਮੂਹ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਭਾਈ ਪੰਥਪ੍ਰੀਤ ਸਿੰਘ ਵੱਲੋਂ ਉਠਾਏ ਨੁਕਤਿਆਂ ਦਾ ਸਮਰਥਨ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਪ੍ਰਵਿਸ਼ਟਿਆਂ (ਸੂਰਜੀ ਤਾਰੀਕਾਂ) ਮੁਤਾਬਕ ਮਨਾਏ ਜਾਣ। ਇਹ ਮੰਗ ਕਰਨ ਵਾਲਿਆਂ ’ਚ ਹਰਪਾਲ ਸਿੰਘ ਮਿੱਠੂ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗਰੀਨ ਪੈਲੇਸ ਰੋਡ; ਜਗਰਾਜ ਸਿੰਘ ਪ੍ਰਧਾਨ ਤੇ ਬਿਕਰਮ ਸਿੰਘ ਸਕੱਤਰ ਗੁਰਦੁਆਰਾ ਭਾਈ ਮਤੀ ਦਾਸ ਜੀ; ਹਰਵਿੰਦਰ ਸਿੰਘ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਹਰਬੰਸ ਨਗਰ; ਗੁਰਕੀਰਤ ਸਿੰਘ ਮੈਂਬਰ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ; ਹਰਦੀਪ ਸਿੰਘ ਗੁਰਦੁਆਰਾ ਥਰਮਲ ਕਲੋਨੀ, ਸਰੂਪ ਸਿੰਘ ਪ੍ਰਧਾਨ ਤੇ ਹਰਮੇਲ ਸਿੰਘ ਉਪ ਪ੍ਰਧਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੈਸ਼ਨਲ ਕਲੋਨੀ; ਬਲਕਾਰ ਸਿੰਘ ਸੋਖਲ ਪ੍ਰਧਾਨ ਤੇ ਡਾ: ਬਿਕ੍ਰਮਜੀਤ ਸਿੰਘ ਰਾਣਾ ਖਜ਼ਾਨਚੀ ਗੁਰਦੁਆਰਾ ਗੁਰੂ ਨਾਨਕਵਾੜੀ; ਪ੍ਰਵੀਨ ਸਿੰਘ ਗੁਰਦੁਆਰਾ ਭਾਈ ਮੱਖਨ ਸ਼ਾਹ ਲੁਬਾਣਾ; ਦਵਿੰਦਰ ਸਿੰਘ ਗੁਰਦੁਆਰਾ ਅਕਾਲਗੜ੍ਹ, ਜਗਜੀਤ ਸਿੰਘ ਜਨਰਲ ਸਕੱਤਰ ਤੇ ਪ੍ਰਮਿੰਦਰ ਸਿੰਘ ਸੇਠੀ ਖ਼ਜਾਨਚੀ ਗੁਰਦੁਆਰਾ ਮਾਡਲ ਟਾਊਨ ਫੇਜ਼-1, ਜਗਦੀਪ ਸਿੰਘ ਬਾਬਾ ਨਾਮਦੇਵ ਭਵਨ; ਗੁਰਮੇਲ ਸਿੰਘ ਗੁਰਦੁਆਰਾ ਮੁਲਤਾਨੀਆਂ ਰੋਡ; ਗੁਰਮੀਤ ਸਿੰਘ ਗੁਰਦੁਆਰਾ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ; ਜਸਵਿੰਦਰ ਸਿੰਘ ਗੁਰਦੁਆਰਾ ਲਾਲ ਸਿੰਘ ਬਸਤੀ; ਮੋਤਾ ਸਿੰਘ ਗੁਰਦੁਅਰਾ ਰੇਲਵੇ ਕਲੋਨੀ, ਗੁਰਜੀਤ ਸਿੰਘ ਖ਼ਾਲਸਾ ਗੁਰਦੁਅਰਾ ਸ੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ; ਡਾ: ਖ਼ੁਸ਼ਵਿੰਦਰ ਸਿੰਘ ਸ. ਖਜ਼ਾਨਚੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਕੈਂਟ ਰੋਡ ਧੋਬੀਆਨਾ; ਅੰਮ੍ਰਿਤ ਸਿੰਘ ਗ੍ਰੰਥੀ ਗੁਰਦਆਰਾ ਗਰੀਨ ਸਿਟੀ; ਕਿਰਪਾਲ ਸਿੰਘ ਗੁਰਮਤਿ ਪ੍ਰਚਾਰ ਸਭਾ, ਮਲਕੀਤ ਸਿੰਘ, ਸਿੱਖ ਮਿਸ਼ਨਰੀ ਕਾਲਜ (ਬਠਿੰਡਾ ਸਰਕਲ); ਬਿਸ਼ਨ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਬਠਿੰਡਾ ਸਰਕਲ); ਗੁਰਦਰਸ਼ਨ ਸਿੰਘ ਸੇਠੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਬਠਿੰਡਾ ਸਰਕਲ) ਅਤੇ ਸੰਗਤ ਜੋੜਾ ਘਰ; ਅਵਤਾਰ ਸਿੰਘ ਕੈਂਥ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ; ਪ੍ਰਿਤਪਾਲ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਭਾਈ ਘਨਈਆ ਜੀ)।