ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਐਚ-1 ਬੀ ਵੀਜ਼ਾ ਪ੍ਰੋਗਰਾਮ ਉਪਰ ਪਾਬੰਦੀਆਂ ਲਾਉਣ ਲਈ ਕੀਤੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਐਚ-1 ਬੀ ਵੀਜ਼ੇ ਜਾਰੀ ਕਰਨ ਨੂੰ ਰੋਕ ਨਹੀਂ ਸਕੇ, ਹਾਲਾਂ ਕਿ ਉਹ ਵੀਜ਼ੇ ਜਾਰੀ ਕਰਨ ਦੀ ਰਫ਼ਤਾਰ ਨੂੰ ਘਟਾਉਣ ਵਿਚ ਸਫਲ ਰਹੇ | ਟਰੰਪ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਦੌਰਾਨ ਵੀਜ਼ੇ ਤੋਂ ਇਨਕਾਰ ਕਰਨ ਦੀ ਦਰ ਕਾਫੀ ਉੱਚੀ ਰਹੀ | ਟਰੰਪ ਕਾਰਜਕਾਲ ਦੇ ਆਖਰੀ ਸਾਲਾਂ ‘ਚ ਵੀਜ਼ਾ ਇਨਕਾਰ ਕਰਨ ਦੀ ਦਰ ਬਹੁਤ ਹੇਠਾਂ ਆ ਗਈ ਸੀ | ਵਿੱਤੀ ਸਾਲ 2021 ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਰੁਜ਼ਗਾਰ ਪ੍ਰਾਪਤ ਕਰਨ ਲਈ 39,501 ਐਚ-1 ਬੀ ਦਰਖਾਸਤਾਂ ਪ੍ਰਵਾਨ ਕੀਤੀਆਂ ਗਈਆਂ, ਜਦ ਕਿ 3401 ਵਿਅਕਤੀਆਂ ਨੂੰ ਵੀਜ਼ੇ ਦੇਣ ਤੋਂ ਨਾਂਹ ਕੀਤੀ ਗਈ | ਇਸ ਤਰ੍ਹਾਂ ਨਾਂਹ ਦਰ 7.1 ਫੀਸਦੀ ਰਹੀ | ਨੈਸ਼ਨਲ ਫਾਊਾਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨ. ਐਫ. ਏ. ਪੀ.) ਦੁਆਰਾ ਜਾਰੀ ਅੰਕੜਿਆਂ ਵਿਚ ਇਹ ਖੁਲਾਸਾ ਕੀਤਾ ਗਿਆ ਹੈ | ਇਨ੍ਹਾਂ ਅੰਕੜਿਆਂ ਅਨੁਸਾਰ ਵਿੱਤੀ ਸਾਲ 2020 ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਇਨਕਾਰ ਦਰ ਸਭ ਤੋਂ ਉੱਚੀ 28.6 ਫੀਸਦੀ ਰਹੀ | 38150 ਦਰਖਾਸਤਾਂ ਪ੍ਰਵਾਨ ਕੀਤੀਆਂ ਗਈਆਂ ਜਦ ਕਿ 15341 ਦਰਖਾਸਤਾਂ ਰੱਦ ਕਰ ਦਿੱਤੀਆਂ ਗਈਆਂ | ਸਾਲ 2018 ਵਿਚ ਐਚ-1ਬੀ ਵੀਜ਼ਾ ਇਨਕਾਰ ਦਰ 24 ਫੀਸਦੀ ‘ਤੇ ਪਹੁੰਚ ਗਈ ਸੀ ਜਦ ਕਿ ਇਸ ਤੋਂ ਅਗਲੇ ਸਾਲ 2019 ‘ਚ ਇਨਕਾਰ ਦਰ 21 ਫੀਸਦੀ ਰਹੀ | ਜੇਕਰ ਟਰੰਪ ਕਾਲ ਤੋਂ ਪਹਿਲਾਂ ਦੇ ਸਾਲ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2015 ਵਿਚ ਕੇਵਲ 6 ਫੀਸਦੀ ਦਰਖਾਸਤਕਰਤਾਵਾਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਗਈ ਸੀ ਤੇ ਬਾਕੀ ਸਾਰੇ ਯੋਗ ਨੌਜਵਾਨਾਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਗਏ ਸਨ | ਭਾਰਤ ਦੇ ਉੱਚ ਕੁਸ਼ਲ 70 ਫੀਸਦੀ ਉਮੀਦਵਾਰ ਐਚ-1 ਬੀ ਵੀਜ਼ੇ ਲੈਣ ਵਿਚ ਸਫਲ ਰਹੇ |