ਬਰੇਸ਼ੀਆ(ਦਲਵੀਰ ਕੈਂਥ): ਇਟਲੀ ਦੀ ਪ੍ਰਮੁੱਖ ਡਾਇਮੰਡ ਸਪੋਰਟਸ ਕਲੱਬ, ਬਰੇਸ਼ੀਆ ਵਲੋਂ ਆਪਣਾ 9ਵਾਂ ਦੋ ਰੋਜਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਇਟਲੀ ਦੇ ਵੱਖ-ਵੱਖ ਕਲੱਬਾਂ ਦੀਆਂ 16 ਫੁੱਟਬਾਲ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਡਾਇਮੰਡ ਸਪੋਰਟਸ ਕਲੱਬ, ਬਰੇਸ਼ੀਆ ਅਤੇ ਐਫ ਸੀ ਆਸੋਲਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬਰੇਸ਼ੀਆ ਦੀ ਟੀਮ ਨੇ 3-0 ਨਾਲ ਇਸ ਮੁਕਾਬਲੇ ਨੂੰ ਜਿੱਤਿਆ।

ਬਰੇਸ਼ੀਆ ਵੱਲੋਂ ਦੋ ਗੋਲ ਪੰਨੂੰ ਨੇ ਜਦਕਿ ਇੱਕ ਗੋਲ ਸਾਚੀ ਨੇ ਕੀਤਾ। ਪਲੇਅਰ ਆਫ ਦਾ ਟੂਰਨਾਮੈਂਟ ਪੰਨੂੰ ਨੂੰ ਜਦਕਿ ਬੈਸਟ ਸਕੋਰਰ ਆਫ ਦਾ ਟੂਰਨਾਮੈਂਟ ਲਵਪ੍ਰੀਤ ਸਿੰਘ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਆਸੋਲਾ ਨੇ ਫਾਬਰੀਕੋ ਨੂੰ 2-1 ਨਾਲ ਜਦਕਿ ਬਰੇਸ਼ੀਆ ਨੇ ਪਾਕਿ ਕਲੱਬ ਨੂੰ 4-1 ਨਾਲ ਹਰਾਇਆ। ਇਸ ਮੁਕਾਬਲੇ ਤੋਂ ਪਹਿਲਾਂ ਇਟਲੀ ਦੇ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਮਾਰੀਉ ਬਾਲੋਤੇਲੀ ਨੇ ਮੈਦਾਨ ਵਿੱਚ ਟਾਈਆਂ ਪਾਉਣ ਦੀ ਰਸਮ ਨਿਭਾਈ। ਰੱਸਾਕੱਸ਼ੀ ਦੇ ਮੁਕਾਬਲਿਆਂ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਮੁਸਕੋਲੀਨੇ ਨੇ ਪਹਿਲਾ ਜਦਕਿ ਸਪੋਰਟਸ ਕਲੱਬ, ਕਸਤੀਲਿਉਨੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਖੇਡ ਮੇਲੇ ਦੌਰਾਨ ਸਾਰੇ ਮੈਚਾਂ ਦੀ ਕੁਮੈਂਟਰੀ ਜਾਪੀ ਬੂਰੇ ਜੱਟਾਂ ਵੱਲੋਂ ਕੀਤੀ ਗਈ। ਇਟਲੀ ਦੀ ਭੰਗੜਾ ਟੀਮ ਦੇ ਗਭਰੂਆਂ ਵਲੋਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਡਾਇਮੰਡ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਮਨਿੰਦਰ ਸਿੰਘ , ਵਸੀਮ ਜਾਫਰ, ਕਿੰਦਾ ਗਿੱਲ , ਬਾਲੀ ਗਿੱਲ ,ਬਲਜੀਤ ਮੱਲ,ਸੋਨੀ ਖੱਖ ਅਤੇ ਹੈਪੀ ਖੱਖ ਵਲੋਂ ਸਪਾਂਸਰ ਕਰਨ ਵਾਲੇ ਸਮੂਹ ਸੱਜਣਾਂ, ਦਰਸ਼ਕਾਂ ਅਤੇ ਫੁੱਟਬਾਲ ਕਲੱਬਾਂ ਦਾ ਖੇਡ ਮੇਲੇ ਨੂੰ ਸਫਲ ਕਰਨ ਹਿੱਤ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਜਿਕਰਯੋਗ ਹੈ ਕਿ ‘Ria Money Transfer’ ਅਤੇ ‘ਪੰਜਾਬ ਐਕਸਪ੍ਰੈਸ’ ਵਲੋਂ ਪ੍ਰੋਗਰਾਮ ਨੂੰ ਹੋਰ ਵਧੇਰੇ ਸਫ਼ਲ ਬਣਾਉਣ ਲਈ ਖਾਸ ਸਹਿਯੋਗ ਦਿੱਤਾ ਗਿਆ।
