ਅਪ੍ਰੀਲੀਆ (ਇਟਲੀ) (ਸਾਬੀ ਚੀਨੀਆਂ) – ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਢੋਲ ਅਤੇ ਭੰਗੜੇ ਦੀ ਪੂਰੀ ਬੱਲੇ ਬੱਲੇ ਹੋਈ ਪਈ ਹੈ. ਅਸੀਂ ਅਕਸਰ ਗ਼ੈਰ ਪੰਜਾਬੀਆਂ ਨੂੰ ਵੀ ਢੋਲ ਦੀ ਤਾਲ ‘ਤੇ ਨੱਚਦੇ ਵੇਖਦੇ ਹਾਂ. ਇਸੇ ਤਰ੍ਹਾਂ ਦੀ ਇਕ ਮਿਸਾਲ ਵੇਖਣ ਨੂੰ ਮਿਲੀ ਇਟਲੀ ਦੇ ਸ਼ਹਿਰ ਅਪ੍ਰੀਲੀਆ ਵਿਖੇ, ਜਿੱਥੇ ਕਾਰਨੇਵਾਲੇ ਦੇ ਮੇਲੇ ਵਿਚ ਪੰਜਾਬੀਆਂ ਨੇ ਢੋਲ ਦੀ ਤਾਲ ‘ਤੇ ਗੋਰੇ ਗੋਰੀਆਂ ਨੂੰ ਨੱਚਣ ਲਾ ਦਿੱਤਾ। ਇਸ ਸਲਾਨਾ ਮੇਲੇ ਵਿੱਚ ਪੰਜਾਬੀ ਭੰਗੜੇ ਦੀ ਪੇਸ਼ਕਾਰੀ ਸੱਚ ਮੁੱਚ ਸੋਨੇ ‘ਤੇ ਸੁਹਾਗੇ ਵਾਲੀ ਗੱਲ ਸੀ। ਤਾਜ ਕਲੱਬ ਅਪ੍ਰੀਲੀਆ ਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਗਿੱਧੇ ਤੇ ਭੰਗੜੇ ਦੀ ਖ਼ਾਸ ਪੇਸ਼ਕਾਰੀ ਵੇਖਣ ਨੂੰ ਮਿਲੀ, ਜਿੱਥੇ ਪੰਜਾਬੀ ਪਹਿਰਾਵੇ ਵਿੱਚ ਸੱਜੇ ਗੱਭਰੂ ਤੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੇ ਪੰਜਾਬੀ ਸੰਗੀਤ ਤੇ ਭੰਗੜੇ ਪਾ ਕੇ ਇਟਾਲੀਅਨ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਇਸ ਮੌਕੇ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਝਲਕ ਵੀ ਦੇਖਣ ਨੂੰ ਮਿਲੀ। ਦੱਸਣਯੋਗ ਹੈ ਕਿ ਅਪ੍ਰੀਲੀਆਂ ਨਗਰ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸ਼ਹਿਰ ਵਿੱਚ ਹੋਣ ਵਾਲ਼ੇ ਮੇਲਿਆਂ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿਵੇਕਲੀ ਪਹਿਲ ਕਦਮੀ ਕੀਤੀ ਜਾਂਦੀ ਹੈ, ਭਾਵੇਂ ਉਹ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਹੋਵੇ ਜਾਂ ਫਿਰ ਭਾਰਤੀ ਤੇ ਪੰਜਾਬੀ ਸੱਭਿਆਚਾਰ ਨੂੰ ਜਿਸ ਦਾ ਮਕਸਦ ਲੋਕਾਂ ਨੂੰ ਭਾਰਤ ਤੇ ਪੰਜਾਬ ਦੀ ਸੱਭਿਆਚਾਰ ਤੋ ਜਾਣੂ ਕਰਵਾਉਣ ਦੀ ਹੋਵੇ। ਇਟਾਲੀਅਨ ਲੋਕਾਂ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ, ਭਾਰਤੀ ਭਾਈਚਾਰੇ ਦਾ ਸੱਭਿਆਚਾਰ ਤੇ ਕਲਚਰ ਬਹੁਤ ਹੀ ਵਧੀਆ ਹੈ। ਦੂਜੇ ਪਾਸੇ ਇਸ ਮੇਲੇ ਵਿੱਚ ਇਟਾਲੀਅਨ ਸੱਭਿਆਚਾਰ ਤੇ ਕਲਚਰ ਦੀਆਂ ਦੀ ਬਹੁਤ ਸਾਰੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਜਿਕਰਯੋਗ ਹੈ ਕਿ, ਇਸ ਤਿਉਹਾਰ ਨੂੰ ਲੈ ਕੇ ਬੱਚਿਆਂ ਤੇ ਵੱਡਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।
