ਮੇਲੇ ਦੀ ਸਫਲਤਾ ਲਈ ਇਲਾਕੇ ਦੇ ਭਾਰਤੀ ਪਰਿਵਾਰਾਂ ਦਾ ਰਿਹਾ ਵਿਸ਼ੇਸ਼ ਯੋਗਦਾਨ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਟਲੀ ਦੇ ਕਮੂਨਾ ਤੇਰਨੀ ਵਿਚ ਇੱਥੋਂ ਦੀਆਂ ਪੰਜਾਬਣਾਂ ਨੇ ਰਲਮਿਲ ਕੇ ਤੀਆਂ ਦਾ ਤਿਉਹਾਰ ਸੱਧਰਾਂ ਚਾਵਾਂ ਨਾਲ ਮਨਾਇਆ। ਪੰਜਾਬੀ ਸੱਭਿਆਚਾਰ ਦੇ ਇਸ ਅਨਿੱਖੜੇ ਤਿਉਹਾਰ ਨੂੰ ਮਨਾਉਣ ਲਈ ਵੱਡੀ ਗਿਣਤੀ ‘ਚ ਪੰਜਾਬਣਾਂ ਇਕੱਤਰ ਹੋਈਆਂ ਤੇ ਸ਼ਾਮ ਤਕਰੀਬਨ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਦੀ ਇਕ ਖਾਸੀਅਤ ਇਹ ਵੀ ਸੀ ਕਿ ਸਥਾਨਕ ਪੰਜਾਬਣਾਂ ਨੇ ਇਕ ਦੂਸਰੇ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ‘ਚ ਪੰਜਾਬਣਾਂ ਨੇ ਬੋਲੀਆਂ ਪਾਈਆਂ ਅਤੇ ਡੀæ ਜੇæ ‘ਤੇ ਵੱਖ-ਵੱਖ ਗਾਣਿਆਂ ‘ਤੇ ਵਿਸ਼ੇਸ਼ ਤਿਆਰ ਕੀਤੀਆਂ ਆਇਟਮਾਂ ਵੀ ਪੇਸ਼ ਕੀਤੀਆਂ।

ਛੋਟੀਆਂ ਬੱਚੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਆਇਟਮਾਂ ਖਾਸ ਤੌਰ ‘ਤੇ ਖਿੱਚ ਦਾ ਕੇਂਦਰ ਰਹੀਆਂ। ਜਿਸ ਨਾਲ ਕਿ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜੇ ਜਾਣ ਦੇ ਉਪਰਾਲੇ ਦਾ ਅਹਿਸਾਸ ਸਹਿਜੇ ਹੀ ਹੁੰਦਾ ਸੀ। ਇਸ ਮੇਲੇ ਦੌਰਾਨ ਪੰਜਾਬੀ ਪਹਿਰਾਵੇ ਵਿਚ ਸੱਜ ਕੇ ਪਹੁੰਚੀਆਂ ਪੰਜਾਬਣਾਂ ਵੱਲੋਂ ਪੰਜਾਬੀ ਵਿਰਸੇ ਦੀਆਂ ਅਮੀਰ ਕਲਾਵਾਂ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ|
ਇਸ ਪ੍ਰੋਗਰਾਮ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ‘ਤੇ ਪੰਜਾਬਣਾਂ ਨੇ ਦੱਸਿਆ ਕਿ, ਇਹ ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਉਨ੍ਹਾਂ ਕਿਹਾ ਕਿ, ਉਨ੍ਹਾਂ ਨੂੰ ਆਪਣੇ ਪੰਜਾਬੀ ਵਿਰਸੇ ‘ਤੇ ਮਾਣ ਹੈ ਤੇ ਇਟਲੀ ‘ਚ ਆ ਕੇ ਉਨ੍ਹਾਂ ਨੇ ਸਾਂਝੇ ਤੌਰ ‘ਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ‘ਚ ਅਜਿਹੇ ਹੋਰ ਪ੍ਰੋਗਰਾਮ ਵੀ ਕਰਵਾਏ ਜਾਣ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਵੀ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹੋਏ ਮਨੋਰੰਜਨ ਕਰ ਸਕੀਏ।
ਇਟਲੀ ‘ਚ ਜੰਮ ਪਲ ਕੇ ਵੱਡੀ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੁੜਨ ਦੇ ਅਜਿਹੇ ਮੌਕੇ ਦੇ ਰਹੀਆਂ ਪ੍ਰਬੰਧਕ ਪੰਜਾਬਣਾਂ ਦੀ ਇਟਲੀ ਦੇ ਸਮੂਹ ਭਾਈਚਾਰੇ ਵੱਲੋਂ ਭਰਵੀਂ ਤਾਰੀਫ਼ ਕੀਤੀ ਜਾ ਰਹੀ ਹੈ| ਮੇਲੇ ਦੌਰਾਨ ਇੱਥੇ ਇਕੱਤਰ ਹੋਏ ਸਾਰੇ ਮੇਲੀਆਂ ਲਈ ਖਾਣ ਪੀਣ ਦਾ ਬਹੁਤ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ, ਜਿਸ ਲਈ ਪ੍ਰਬੰਧਕ ਅਤੇ ਸਹਿਯੋਗੀ ਤਾਰੀਫ ਦੇ ਹੱਕਦਾਰ ਹਨ। ਜਿਕਰਯੋਗ ਹੈ ਕਿ ਇਸ ਮੇਲੇ ਨੂੰ ਕਰਵਾਉਣ ਲਈ ਇਲਾਕੇ ਦੇ ਸਾਰੇ ਹੀ ਭਾਰਤੀ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ|

