ਤੇਰਾਚੀਨਾ (ਇਟਲੀ) (ਚੀਨੀਆਂ, ਕੈਂਥ, ਸੋਨੀ) – ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਬੋਰਗੋ ਹੇਰਮਾਦਾ ਦੀਆਂ ਸੰਗਤਾਂ ਵੱਲੋਂ ਇਥੋਂ ਦੇ ਸ਼ਹਿਰ ਤੇਰਾਚੀਨਾ ਵਿਖੇ ਮਹਾਨ ਨਗਰ ਕੀਰਤਨ ਸਜਾ ਕੇ ਸਿੱਖੀ ਪ੍ਰਚਾਰ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ. ਨਗਰ ਕੀਰਤਨ ਦੀ ਆਰੰਭਤਾ ਤੇਰਾਚੀਨਾ ਸ਼ਹਿਰ ਦੇ ਵਿਚਾਲੇ ਸਜਾਏ ਹੋਏ ਇੱਕ ਪੰਡਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ, ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿਚ ਹੋਈ, ਸ਼ਹਿਰ ਦੀ ਪਰਿਕਰਮਾ ਉਪਰੰਤ ਫਿਰ ਉਸੇ ਜਗ੍ਹਾ ਪਹੁੰਚਣ ‘ਤੇ ਸਮਾਪਤੀ ਕੀਤੀ ਗਈ.
ਇਸ ਮੌਕੇ ਕੀਰਤਨੀ, ਕਵੀਸ਼ਰੀ ਜਥਿਆਂ ਵਲੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ, ਗਤਕੇ ਵਾਲੇ ਸਿੰਘਾਂ ਵਲੋਂ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ. ਨਗਰ ਕੀਰਤਨ ਵਿਚ ਲਾਸੀਓ ਸਟੇਟ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਹੁੰਚ ਕੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਕੀਤਾ। ਪ੍ਰਬੰਧਕ ਕਮੇਟੀ ਨੇ ਇਲਾਕੇ ਦੇ ਕੁਝ ਖੇਤੀ ਫਾਰਮਾਂ ਦੇ ਮਾਲਕਾਂ, ਹੈਲਥ ਸਰਵਿਸ ਕੰਪਨੀਆਂ ਦੇ ਨੁਮਾਇੰਦਆਂ, ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।
ਦੂਰ ਦੁਰਾਡੇ ਤੋਂ ਚੱਲਕੇ ਆਈਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਗੁਰੂ ਦੇ ਲੰਗਰ ਦੇ ਖਾਸ ਪ੍ਰਬੰਧ ਕੀਤੇ ਹੋਏ ਸਨ, ਰਸਤਿਆਂ ਵਿਚ ਵੀ ਜਗ੍ਹਾ ਜਗ੍ਹਾ ਕਈ ਤਰ੍ਹਾਂ ਦੇ ਸਟਾਲ ਲੱਗੇ ਹੋਏ ਸਨ।
