ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸੱਭ ਤੋਂ ਅਹਿਮ ਯੋਜਨਾ ਮੁਫ਼ਤ ਵਾਈਫਾਈ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੇ ਗੇੜ ‘ਚ ਦਿੱਲੀ ਦੇ ਸਾਰੇ ਬੱਸ ਅੱਡਿਆਂ ‘ਤੇ 3000 ਵਾਈਫਾਈ ਦੇ ਹਾਟਸਪਾਟ ਲੱਗਣਗੇ। ਪੂਰੀ ਦਿੱਲੀ ‘ਚ ਕੁੱਲ 11,000 ਹਾਟਪਸਾਟ ਲੱਗਣਗੇ। ਹਰੇਕ ਯੂਜਰ ਨੂੰ ਪ੍ਰਤੀ ਮਹੀਨੇ 15 ਜੀਬੀ ਮੁਫਤ ਡਾਟਾ ਮਿਲੇਗਾ। ਇਸ ਦੀ ਸ਼ੁਰੂਆਤ 16 ਦਸੰਬਰ ਤੋਂ ਹੋਵੇਗੀ।
ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦਾ ਅੰਤਿਮ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਹੁਣ ਮੁਫਤ ਵਾਈਫਾਈ ਮਿਲੇਗਾ। ਇਸ ਯੋਜਨਾ ‘ਤੇ ਲਗਭਗ 100 ਕਰੋੜ ਰੁਪਏ ਦਾ ਖਰਚਾ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ, ਹੈਲਥ ਸੈਕਟਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਕੁੱਲ 11 ਹਜ਼ਾਰ ਹਾਟਸਪਾਟ ਲਗਾਏ ਜਾਣਗੇ, ਜਿਨ੍ਹਾਂ ‘ਚੋਂ 4000 ਹਾਟਸਪਾਟ ਬੱਸ ਅੱਡਿਆਏ ਅਤੇ 7000 ਹਾਟਸਪਾਟ ਬਾਜਾਰਾਂ ਤੇ ਆਰ.ਡਬਿਲਊ. ‘ਚ ਲਗਾਏ ਜਾਣਗੇ।
ਹਰ ਹਫਤੇ 500 ਹਾਟ ਸਪਾਟ ਲੱਗਣਗੇ ਅਤੇ 6 ਮਹੀਨੇ ਅੰਦਰ 11 ਹਜ਼ਾਰ ਹਾਟਸਪਾਟ ਲਗਾਏ ਜਾਣਗੇ। ਇਸ ਤੋਂ ਬਾਅਦ ਹਰ ਅੱਧੇ ਕਿੱਲੋਮੀਟਰ ਅੰਦਰ ਲੋਕਾਂ ਨੂੰ ਹਾਟਸਪਾਟ ਮਿਲ ਜਾਵੇਗਾ। ਹਰ ਹਾਟਸਪਾਟ ਦੀ 100 ਮੀਟਰ ਰੇਡੀਅਸ ਦੀ ਰੇਂਜ ਹੋਵੇਗੀ। ਹਰ ਵਿਅਕਤੀ ਨੂੰ ਪ੍ਰਤੀ ਮਹੀਨੇ 15 ਜੀਬੀ ਡਾਟਾ ਦਿੱਤਾ ਜਾਵੇਗੀ। ਹਰ ਦਿਨ 1.5 ਜੀਬੀ ਡਾਟਾ ਵਰਤਿਆ ਜਾ ਸਕੇਗਾ, ਜਿਸ ਦੀ 100 ਐਮਬੀਪੀਐਸ ਦੀ ਸਪੀਡ ਹੋਵੇਗੀ।
ਕੇਜਰੀਵਾਲ ਨੇ ਦੱਸਿਆ ਕਿ ਇੱਕ ਹਾਟਸਪਾਟ ‘ਤੇ 150 ਤੋਂ 200 ਲੋਕ ਜੁੜ ਸਕਦੇ ਹਨ ਅਤੇ 11 ਹਜ਼ਾਰ ਹਾਟਸਪਾਟ ‘ਤੇ 22 ਲੱਖ ਯੂਜਰ ਜੁੜ ਸਕਣਗੇ। ਇਸ ਦੇ ਲਈ ਇਕ ਐਪ ਬਣਾਇਆ ਗਿਆ ਹੈ ਅਤੇ ਐਪ ਛੇਤੀ ਜਾਰੀ ਕਰ ਦਿੱਤਾ ਜਾਵੇਗਾ। ਇਸ ‘ਚ ਕੇਵਾਈਸੀ ਨੂੰ ਅਪਡੇਟ ਕਰਨਾ ਹੋਵੇਗਾ ਅਤੇ ਓਟੀਪੀ ਆਵੇਗਾ, ਜਿਸ ਤੋਂ ਬਾਅਦ ਯੂਜਰ ਮੁਫਤ ਵਾਈਫਾਈ ਸੇਵਾ ਦੀ ਵਰਤੋਂ ਕਰ ਸਕੇਗਾ।