ਦੁਨੀਆ ਚ ਸ਼ਾਇਦ ਹੀ ਅਜਿਹਾ ਕਦੇ ਹੋਇਆ ਹੋਵੇ ਜਦੋਂ ਕਿਸੇ ਦੇਸ਼ ਚ ਛੋਟਾ ਭਰਾ ਰਾਸ਼ਟਰਪਤੀ ਅਤੇ ਵੱਡਾ ਭਰਾ ਪ੍ਰਧਾਨ ਮੰਤਰੀ ਹੋਵੇ, ਪਰ ਸ਼੍ਰੀਲੰਕਾ ਵਿੱਚ ਅਜਿਹਾ ਹੋਣ ਜਾ ਰਿਹਾ ਹੈ। ਹਾਲ ਹੀ ਚ ਰਾਸ਼ਟਰਪਤੀ ਚੁਣੇ ਗਏ ਗੋਟਾਬਾਇਆ ਰਾਜਪਕਸ਼ੇ ਨੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਸਰਕਾਰ ਦੇ ਬੁਲਾਰੇ ਵਿਜਿਆਨੰਦ ਹੇਰਾਥ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਦਾ ਜਲਦੀ ਹੀ ਜ਼ਿੰਮੇਵਾਰੀ ਸੰਭਾਲ ਲੈਣਗੇ। ਉਹ ਰਾਨਿਲ ਵਿਕਰਮਾਸਿੰਘੇ ਤੋਂ ਬਾਅਦ ਅਹੁਦਾ ਸੰਭਾਲਣਗੇ, ਜਿਸ ਨੇ ਅਸਤੀਫਾ ਦੇ ਦਿੱਤਾ ਹੈ।
ਇੱਕ ਦਹਾਕੇ ਪਹਿਲਾਂ ਸ੍ਰੀਲੰਕਾ ਵਿੱਚ ਸਰਗਰਮ ਅੱਤਵਾਦੀ ਸੰਗਠਨ ਐਲਟੀਟੀਈ ਦੇ ਖਾਤਮੇ ਲਈ ਦੋਵਾਂ ਭਰਾਵਾਂ ਮਹਿੰਦਾ ਅਤੇ ਗੋਟਾਬਾਇਆ ਨੇ ਵੱਡੀ ਭੂਮਿਕਾ ਨਿਭਾਈ ਸੀ। ਜਦੋਂ ਮਹਿੰਦਾ 2005 ਚ ਪਹਿਲੀ ਵਾਰ ਸ੍ਰੀਲੰਕਾ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਗੋਟਾਬਾਇਆ ਨੂੰ ਸ਼੍ਰੀਲੰਕਾ ਦੇ ਰੱਖਿਆ ਮੰਤਰਾਲੇ ਚ ਸਥਾਈ ਸਕੱਤਰ ਨਿਯੁਕਤ ਕੀਤਾ ਸੀ। ਸ਼੍ਰੀਲੰਕਾ ਚ ਮੰਨਿਆ ਜਾਂਦਾ ਹੈ ਕਿ ਦੋਵੇਂ ਭਰਾ ਚੀਨ ਨਾਲ ਨੇੜਲੇ ਸਬੰਧ ਰੱਖਦੇ ਹਨ।
ਮਹਿੰਦਾ ਰਾਜਪਕਸ਼ੇ
- 2005 ਤੋਂ 2015 ਤੱਕ ਸ੍ਰੀਲੰਕਾ ਦੇ ਰਾਸ਼ਟਰਪਤੀ।
- ਲਾਅ ਕਾਲਜ, ਕੋਲੰਬੋ ਤੋਂ ਗ੍ਰੈਜੂਏਟ।
- ਉਹ 24 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ।
- ਕਿਰਤ-ਮੱਛੀ ਪਾਲਣ ਮੰਤਰੀ ਰਹੇ।
ਗੋਟਾਬਾਇਆ ਰਾਜਪਕਸ਼ੇ
- 1971 ਵਿੱਚ ਫੌਜ ਚ ਭਰਤੀ ਹੋਏ।
- ਮਦਰਾਸ ਯੂਨੀਵਰਸਿਟੀ ਤੋਂ ਰੱਖਿਆ ਮਾਮਲਿਆਂ ਚ ਪੀ.ਜੀ. ਡਿਗਰੀ ਕੀਤੀ।
- ਅਮਰੀਕਾ ਚ ਆਈਟੀ ਪੇਸ਼ੇਵਰ ਵਜੋਂ ਵੀ ਕੰਮ ਕੀਤਾ।
- 2005 ਵਿੱਚ ਸ਼੍ਰੀਲੰਕਾ ਦੇ ਰੱਖਿਆ ਸਕੱਤਰ ਬਣੇ।