ਅਮਰੀਕਾ,ਜਪਾਨ ਤੇ ਯੂਰਪ ਤੋਂ ਆਏ ਵਿਸ਼ੇਸ਼ ਮਹਿਮਾਨ
ਰੋਮ (ਇਟਲੀ) (ਦਲਵੀਰ ਕੈਂਥ) – ਜੇਕਰ ਜਾਨਵਰਾਂ ਵਿੱਚੋਂ ਵਫ਼ਾਦਾਰ ਜਾਨਵਾਰ ਦੀ ਚੋਣ ਕਰਨੀ ਹੋਵੇ ਤਾਂ ਕੁੱਤਾ ਇਨਸਾਨ ਦਾ ਸਭ ਤੋਂ ਵੱਧ ਵਫ਼ਾਦਾਰ ਜਾਨਵਾਰ ਹੈ ਜਿਹੜਾ ਕਿ ਹਜ਼ਾਰਾਂ ਸਾਲ ਤੋਂ ਇਨਸਾਨ ਦੇ ਵਫ਼ਾਦਾਰ ਸਾਥੀ ਹੋਣ ਦਾ ਸਬੂਤ ਵੀ ਦਿੰਦਾ ਆ ਰਿਹਾ ਹੈ। ਸਾਇੰਸ ਅਨੁਸਾਰ ਕੁੱਤੇ ਦੀ ਆਮ ਉਮਰ 10 ਤੋਂ 13 ਜਾਂ 14 ਸਾਲ ਹੋ ਸਕਦੀ ਹੈ, ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਲੰਮੇਰੀ ਉਮਰ ਦੇ ਕੁੱਤੇ ਨਾਲ ਮਿਲਾਣ ਜਾ ਰਹੇ ਹਾਂ, ਜਿਸ ਦਾ ਯੂਰਪੀਅਨ ਦੇਸ਼ ਪੁਰਤਗਾਲ ਦੇ ਸ਼ਹਿਰ ਕੋਨਕੀਰੋਸ ਵਿਖੇ ਰੈਣ ਬਸੇਰਾ ਕਰਦੇ ਕੋਸਤਾ ਪਰਿਵਾਰ ਵਿੱਚ ਮਈ ਮਹੀਨੇ 1992 ਨੂੰ ਜਨਮ ਹੋਇਆ ਤੇ ਅੱਜ ਇਹ ਕੁੱਤਾ ਪੂਰੇ 31 ਸਾਲ ਦਾ ਹੋ ਗਿਆ ਹੈ. ਜਿਸ ਦੀ ਰਾਫੇਰੋ ਡੋ ਅਲੇਂਜੇਜੋ ਨਸਲ ਹੈ। ਮਾਹਿਰਾਂ ਅਨੁਸਾਰ ਇਸ ਨਸਲ ਦੇ ਕੁੱਤਿਆਂ ਦੀ ਉਮਰ 10 ਤੋਂ 13 ਸਾਲ ਤੱਕ ਹੀ ਹੁੰਦੀ ਹੈ, ਪਰ ਬੌਬੀ ਦੀ 31 ਸਾਲ ਉਮਰ ਨੇ ਜਿੱਥੇ ਸਭ ਨੂੰ ਹੈਰਾਨ ਕੀਤਾ ਹੈ ਉੱਥੇ ਉਸ ਨੂੰ ਗਿੰਨੀਜ਼ ਵਰਲਡ ਰਿਕਾਰਡਸ ਨੇ ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦੇ ਕੁੱਤੇ ਦੇ ਖਿਤਾਬ ਨਾਲ ਨਿਵਾਜਿਆ ਹੈ।
ਬੌਬੀ ਦੇ ਮਾਲਕ ਲਿਨੇਲ ਕੋਸਤਾ 38 ਸਾਲਾਂ ਨੇ ਦੱਸਿਆ ਕਿ, ਇਹ ਕੁੱਤਾ ਨਹੀਂ ਸਗੋਂ ਉਸ ਦੇ ਪਰਿਵਾਰ ਦਾ ਮੈਂਬਰ ਹੈ, ਜਿਸ ਨੇ ਸਾਡੇ ਪਰਿਵਾਰ ਦੀਆਂ 3 ਪੀੜ੍ਹੀਆਂ ਨਾਲ ਵਫ਼ਾਦਾਰੀ ਨਿਭਾਈ ਹੈ। ਬੌਬੀ ਉਸ ਦੇ ਦਾਦੇ ਤੇ ਪਿਤਾ, ਭਰਾ ਨਾਲ ਰਿਹਾ, ਪਰ ਹੁਣ ਇਹ ਦੁਨੀਆ ਵਿਚ ਨਹੀਂ ਹਨ. ਇਸ ਸਮੇਂ ਬੌਬੀ ਉਸ ਨਾਲ ਜੀਵਨ ਬਿਤਾ ਰਿਹਾ ਹੈ। ਬੌਬੀ ਜਿਸ ਨਸਲ ਦਾ ਕੁੱਤਾ ਹੈ ਇਸ ਨਸਲ ਦੇ ਕੁੱਤੇ ਲੋਕ ਦੇਸ਼ ਵਿੱਚ ਪਸ਼ੂਆਂ ਦੇ ਝੁੰਡਾਂ ਦੀ ਦੇਖ-ਰੇਖ ਕਰਨ ਲਈ ਰੱਖਦੇ ਹਨ, ਜਿਹੜੇ ਕਿ ਪਹਾੜੀ ਇਲਾਕੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ।
ਬੌਬੀ ਦੀ ਵਫ਼ਾਦਾਰੀ ਤੇ ਲੰਮੇਰੀ ਉਮਰ ਦੇ ਮੱਦੇਨਜ਼ਰ ਉਸ ਨੇ ਬੌਬੀ ਦਾ 31ਵਾਂ ਜਨਮ ਦਿਨ ਦੁਨੀਆ ਭਰ ਦੇ ਮਹਿਮਾਨਾਂ ਨਾਲ (ਜਿਹੜੇ ਕਿ ਅਮਰੀਕਾ, ਜਪਾਨ ਤੇ ਯੂਰਪ ਤੋਂ ਆਏ ਸਨ) ਡਾਂਸ ਪਾਰਟੀ ਕਰ ਮਨਾਇਆ। ਇਸ ਮੌਕੇ ਅੰਤਰਾਸ਼ਟਰੀ ਪੱਤਰਕਾਰ ਵੀ ਆਏ, ਜਿਹਨਾਂ ਨੇ ਖੁਦ ਬੌਬੀ ਨਾਲ ਫੋਟੋ ਖਿਚਾਵਾਈਆਂ।
ਬੇਸ਼ੱਕ ਕਿ ਬੌਬੀ 31 ਸਾਲ ਦਾ ਹੋ ਗਿਆ ਹੈ, ਪਰ ਅੱਜ ਵੀ ਉਹ ਪੂਰੀ ਤਰ੍ਹਾਂ ਤੰਦੁਸਤ ਹੈ। ਉਸ ਨੇ ਬੌਬੀ ਨੂੰ ਕਦੀਂ ਵੀ ਬੰਨਕੇ ਨਹੀਂ ਰੱਖਿਆ, ਸਗੋਂ ਘਰ ਦੇ ਨਾਲ ਖੁੱਲੇ ਮੈਦਾਨਾਂ ਜਾਂ ਪਹਾੜੀਆਂ ਵਿੱਚ ਆਜ਼ਾਦੀ ਨਾਲ ਘੁੰਮਣ ਦਿੱਤਾ ਹੈ। ਡਾਕਟਰ ਉਸ ਨੂੰ ਖਾਸ ਖੁਰਾਕ ਦੇਣ ਦੀ ਸਲਾਹ ਦਿੰਦੇ ਹਨ, ਪਰ ਲਿਨੇਲ ਕੋਸਤਾ ਉਸਨੂੰ ਇਨਸਾਨਾਂ ਦੇ ਖਾਣ ਵਾਲਾ ਭੋਜਨ ਦਿੰਦਾ ਹੈ, ਪੂਰੇ ਦਿਨ ਵਿੱਚ ਬੌਬੀ 1 ਲੀਟਰ ਪਾਣੀ ਪੀਂਦਾ ਹੈ।
ਜਿਕਰਯੋਗ ਹੈ ਕਿ ਬੌਬੀ ਤੋਂ ਪਹਿਲਾਂ ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦਾ ਕੁੱਤਾ ਹੋਣ ਦਾ ਖਿਤਾਬ ਅਸਟਰੇਲੀਆ ਦੇ ਬਲੂਏ ਨਾਮ ਦੇ ਕੁੱਤੇ ਕੋਲ ਸੀ, ਜਿਹੜਾ ਕਿ 29 ਸਾਲ 5 ਮਹੀਨੇ ਦਾ ਸੀ। ਬਲੂਏ ਸੰਨ 1910 ਵਿੱਚ ਪੈਦਾ ਹੋ 1939 ਵਿੱਚ ਮਰ ਗਿਆ ਸੀ।