ਵੇਰੋਨਾ (ਇਟਲੀ) (ਦਲਵੀਰ ਕੈਂਥ) – ਕੋਵਿਡ-19 ਦੌਰਾਨ ਜਦੋਂ ਸਿਆਸੀ ਆਗੂਆਂ ਤੇ ਸਰਕਾਰੀ ਤੰਤਰ ਨੇ ਇਟਲੀ ਦੇ ਭਾਰਤੀਆਂ ਦੀ ਭਾਰਤ ਆਉਣ ‘ਤੇ ਵਾਪਸ ਇਟਲੀ ਜਾਣ ਲਈ ਸੰਜੀਦਗੀ ਨਾਲ ਬਾਂਹ ਨਹੀਂ ਫੜ੍ਹੀ, ਤਾਂ ਅਜਿਹੇ ਬੇਵੱਸੀ ਵਾਲੇ ਆਲਮ ‘ਚ ਭਾਰਤੀ ਭਾਈਚਾਰੇ ਲਈ ਮੋਢੇ ਨਾਲ ਮੋਢਾ ਲਾ ਸਾਥ ਦੇਣ ਵਾਲੀ ਟੀਮ ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਗੁਰਪੁਰਬ ਤੇ ਦੀਵਾਲੀ ਮੌਕੇ ਦਿੱਤੀ ਜਾ ਰਹੀ ਹੈ ਇੱਕ ਹੋਰ ਸੌਗਾਤ, ਜਿਸ ਵਿੱਚ ਇਟਲੀ ਦੀ ਮਸ਼ਹੂਰ ਏਅਰ ਲਾਈਨ ਨਿਓਸ ਵੱਲੋਂ 31 ਅਕਤੂਬਰ 2023 ਨੂੰ ਵੇਰੋਨਾ ( ਇਟਲੀ) ਤੋਂ ਸ਼੍ਰੀ ਹਰਿਮੰਦਰ ਸਾਹਿਬ (ਇੰਡੀਆ) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹੈ, ਜੋ ਕਿ ਹਰ ਮੰਗਲਵਾਰ ਨੂੰ ਚੱਲੇਗੀ।
ਇਸ ਇਤਿਹਾਸਕ ਸ਼ੁੱਭ ਕਾਰਵਾਈ ਦੀ ਪਲੇਠੀ ਉਡਾਣ 31 ਅਕਤੂਬਰ 11.15 ਵਜੇ ਉੱਡੀ। ਜਿਸ ਲਈ ਵੇਰੋਨਾ ਇਲਾਕੇ ਦੇ ਭਾਰਤੀ ਇਸ ਟੀਮ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹਨ। ਇਸ ਇਲਾਕੇ ਦੇ ਪੰਜਾਬੀਆਂ ਦੀ ਬਹੁਤ ਦੇਰ ਤੋਂ ਇਹ ਦਿਲੀ ਤੰਮਨਾ ਸੀ ਕਿ ਉਹਨਾਂ ਦੇ ਇਲਾਕੇ ਤੋਂ ਵੀ ਸਿੱਧੀ ਉਡਾਣ ਗੁਰੂ ਦੀ ਨਗਰੀ ਜਾਵੇ। ਇਸ ਤੋਂ ਪਹਿਲਾਂ ਰੋਮ ਅਤੇ ਮਿਲਾਨ ਤੋਂ ਨਿਓਸ ਏਅਰ ਲਾਈਨ ਦੀ ਸਿੱਧੀ ਉਡਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਹੈ।
ਇਸ ਮੌਕੇ ਸ਼੍ਰੀ ਲੂਕਾ ਕਮਪਾਨਾਤੀ ਸੇਲਜ਼ ਮੈਨੇਜਰ ਨਿਓਸ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ, ਇਸ ਉਡਾਣ ਪ੍ਰਤੀ ਪੰਜਾਬੀਆਂ ਦਾ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਨਿਓਸ ਏਅਰ ਲਾਈਨ ਸੰਨ 2001 ਨੂੰ ਇਟਲੀ ਦੇ ਲੰਬਾਰਦੀਆ ਸੂਬੇ ਵਿਚ ਹੌਂਦ ‘ਚ ਆਈ ਤੇ ਅੱਜ ਦੁਨੀਆਂ ਦੇ 56 ਦੇਸ਼ਾਂ ਦੇ 155 ਏਅਰ ਪੋਰਟਾਂ ਉੱਪਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਦੁਆਰਾ ਸੇਵਾ ਪ੍ਰਦਾਨ ਕਰ ਰਹੀ ਹੈ। ਇਸ ਉਡਾਣ ਦੇ ਚੱਲਣ ਨਾਲ ਏਅਰਪੋਰਟ ਪਹੁੰਚੇ ਇਲਾਕੇ ਦੇ ਭਾਰਤੀ ਖੁਸ਼ੀ ਨਾਲ ਖੀਵੇ ਹੋਏ ਲੱਗ ਰਹੇ ਸਨ।