ਬਾਡਰ ਪਾਰ ਪਾਕਿਸਤਾਨ ਵਿਚ ਸਿੱਖਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਯਾਦਾਂ ਬਰਕਰਾਰ ਹਨ। ਬਾਡਰ ਦੇ ਸਭ ਤੋਂ ਨੇੜ੍ਹੇ 2 ਕਿਲੋਮੀਟਰ ‘ਤੇ ਰਾਵੀ ਦੇ ਕੰਢੇ ਡੇਰਾ ਬਾਬਾ ਨਾਨਕ ਸਥਿਤ ਹੈ ਅਤੇ ਰਾਵੀ ਦੇ ਦੂਸਰੇ ਕੰਢੇ 4 ਕਿਲੋਮੀਟਰ ‘ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਲਈ ਸਦਾ ਹੀ ਕਿੱਚ ਦਾ ਕੇਂਦਰ ਰਹੇਗਾ। 1965 ਦੀ ਭਾਰਤ-ਪਾਕਿ ਜੰਗ ਮਗਰੋਂ ਬਾਡਰ ਬੰਦ ਕਰ ਦਿੱਤੇ ਗਏ ਅਤੇ ਆਵਾਜਾਈ ਇਕ ਪੁੱਲ ਜਰੀਏ ਬਰਕਰਾਰ ਰਹੀ। ਕਰਤਾਰਪੁਰ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਇਸ ਸਥਾਨ ਨੂੰ ਗੁਰੂਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਪੁਰਾਤਨ ਅਤੇ ਪਹਿਲੀ ਬੀੜ ਪ੍ਰਕਾਸ਼ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰਤਾਰਪੁਰ ਦੀ ਧਰਤੀ ਸਿੱਖ ਗੁਰੂਆਂ ਦੀ ਬਾਤ ਪਾਉਂਦੀ ਥੱਕਦੀ ਨਹੀਂ। ਡੇਰਾ ਬਾਬਾ ਨਾਨਕ ਵੀ ਸਿੱਖਾਂ ਲਈ ਪੂਜਨੀ ਸਥਾਨ ਹੈ। ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਪਹੁੰਚਣ ਲਈ ਪਾਕਿਸਤਾਨ ਵੱਲੋਂ ਜਿਸ ਰਸਤੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਹ 125 ਕਿਲੋਮੀਟਰ ਦਾ ਪੈਂਡਾ ਹੈ ਅਤੇ ਜਿਸ ਨੂੰ ਤੈਅ ਕਰਨ ਲਈ ਵੀਜਾ ਅਤੇ ਸਖਤ ਸੁਰੱਖਿਆ ਘੇਰੇ ਵਿਚੋਂ ਨਿਕਲਣਾ ਪਵੇਗਾ। ਅਸਲ ਵਿਚ ਵਾਜਪਾਈ ਸਰਕਾਰ ਵੇਲੇ 1999 ਵਿਚ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦਾ ਸੁਝਾਅ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਦਿੱਤਾ ਗਿਆ ਸੀ, ਪਰ ਲਾਹੌਰ ਸਮਿਟ ਦੇ ਇਸ ਸੁਝਾਅ ਨੂੰ ਜਨਰਲ ਪਰਵੇਜ ਮੁਸ਼ੱਰਫ ਵੱਲੋਂ ਅਣਗੌਲਿਆ ਕਰ ਦਿੱਤਾ ਗਿਆ। ਬੀਤੇ ਸਾਲ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ 26 ਨਵੰਬਰ 2018 ਨੂੰ ਇਸ ‘ਤੇ ਮੁੜ ਕੰਮ ਚਾਲੂ ਕਰਵਾਇਆ ਗਿਆ ਅਤੇ ਪਾਕਿਸਤਾਨ ਨੇ ਇਸ ਕਾਰਜ ਨੂੰ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਮੌਕੇ ਨਵੰਬਰ 2019 ਤੱਕ ਪੂਰਾ ਕਰਨ ਦੀ ਘੋਸ਼ਣਾ ਕੀਤੀ। 1947 ਦੀ ਵੰਡ ਮਗਰੋਂ ਵੱਡੀ ਗਿਣਤੀ ਵਿਚ ਸਿੱਖਾਂ ਨੇ ਅਪੀਲ ਕੀਤੀ ਸੀ ਕਿ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਦੀ ਧਰਤੀ ਨੂੰ ਭਾਰਤ ਦੇ ਕਬਜੇ ਹੇਠ ਲਿਆ ਜਾਵੇ। 1969 ਵਿਚ 500 ਸਾਲਾ ਮੌਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਸ ਸਬੰਧੀ ਪਾਕਿਸਤਾਨ ਨਾਲ ਗੱਲਬਾਤ ਵੀ ਕੀਤੀ ਗਈ। ਜਿਸ ਉਪਰੰਤ 1974 ਵਿਚ ਦੋਵਾਂ ਦੇਸ਼ਾਂ ਵੱਲੋਂ ਸਿੱਖ ਸ਼ਰਧਾਲੂਆਂ ਲਈ ਰਸਤਾ ਖੋਲ੍ਹੇ ਜਾਣ ਦਾ ਸਾਂਝਾ ਮਤਾ ਪਾਸ ਕੀਤਾ ਗਿਆ।
ਜਿਕਰਯੋਗ ਹੈ ਕਿ 1947 ਦੀ ਵੰਡ ਮਗਰੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਤੋਂ ਇਲਾਵਾ ਗੈਰ ਮੁਸਲਿਮ ਧਾਰਮਿਕ ਕੇਂਦਰ ਬੰਦ ਕਰ ਦਿੱਤੇ ਗਏ ਸਨ ਅਤੇ ਇਨ੍ਹਾਂ ਨੂੰ ਡੰਗਰ ਵਾੜਿਆਂ ਵਿਚ ਬਦਲ ਦਿੱਤਾ ਗਿਆ ਸੀ, ਇਸਦੇ ਸਬੂਤ ਇੰਟਰਨੈੱਟ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਜਨਰਲ ਮੁਸ਼ੱਰਫ ਦੇ ਪ੍ਰਧਾਨ ਬਣਨ ਉਪਰੰਤ ਗੈਰ ਮੁਸਮਿਲ ਧਾਰਮਿਕ ਸਥਾਨਾਂ ਨੂੰ ਮੁੜ ਬਹਾਲ ਕੀਤਾ ਗਿਆ ਸੀ। ਭਾਰਤ ਵੱਲੋਂ ਪਾਕਿਸਤਾਨ ਨੂੰ ਮੁਫਤ ਵੀਜਾ ਨੀਤੀ ਵੀ ਪੇਸ਼ ਕੀਤੀ ਗਈ ਸੀ, ਜੋ ਪਾਕਿਸਤਾਨ ਵੱਲੋਂ ਖਾਰਜ ਕਰ ਦਿੱਤੀ ਗਈ। ਪਾਕਿਸਤਾਨ ਕਰਤਾਰਪੁਰ ਲਾਂਘੇ ਲਈ ਕਿੰਨਾ ਸੰਜੀਦਾ ਹੈ, ਇਸ ਬਾਰੇ ਟਿੱਪਣੀ ਕਰਨਾ ਜਲਦਬਾਜੀ ਹੋਵੇਗੀ। ਇਮਰਾਨ ਖਾਨ ਵੱਲੋਂ ਬਰਲਿਨ ਦੀਵਾਰ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ, ਪਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਖਾਲਿਸਤਾਨੀ ਸਮਰਥਕ ਬਿਸ਼ਨ ਸਿੰਘ, ਕੁਲਜੀਤ ਸਿੰਘ, ਮਨਿੰਦਰ ਸਿੰਘ, ਗੁਰਪਾਲ ਸਿੰਘ ਚਾਵਲਾ ਮੁੱਖ ਮਹਿਮਾਨਾਂ ਵਿਚ ਸ਼ਾਮਿਲ ਸਨ। ਇੱਥੋਂ ਤੱਕ ਪਾਕਿਸਤਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਫੌਜ ਦੇ ਤਹਿਤ ਕੰਮ ਕਰਨ ਲਈ ਮਜਬੂਰ ਹੈ।
ਬੀਤੇ ਸਾਲ ਲਾਹੌਰ ਗੁਰਦੁਆਰਾ ਵਿਖੇ ਨਤਮਸਤਕ ਹੋਣ ਗਏ ਭਾਰਤੀ ਰਾਜਦੂਤਾਵਾਸ ਦੇ ਕਰਮਚਾਰੀਆਂ ਨੂੰ ਪ੍ਰਬੰਧਕ ਕਮੇਟੀਆਂ ਨਾਲ ਮੁਲਾਕਾਤ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ। ਚਾਵਲਾ ਸਿੱਖ ਰਿਫਰੈਂਡਮ 2020 ਦੇ ਸਮਰਥਕ ਹਨ। ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੀ ਘੋਸ਼ਣਾ ਉਪਰੰਤ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕਿਆਂ ਪਿੱਛੇ ਮੀਡੀਆ ਵਿਚ ਚਾਵਲਾ ਦਾ ਨਾਮ ਵੀ ਸੁਰਖੀਆਂ ਵਿਚ ਰਿਹਾ। ਜਿਸ ਵਿਚ ਤਿੰਨ ਬੇਕਸੂਰ ਲੋਕਾਂ ਦੀ ਮੌਤ ਹੋਈ। ਪੁਲਿਸ ਕਾਰਵਾਈ ਦੌਰਾਨ ਸ਼ਬਨਮਦੀਪ ਸਿੰਘ ਗ੍ਰਿਫ਼ਤਾਰ ਕੀਤਾ ਗਿਆ, ਜਿਸਨੇ ਬੰਬ ਧਮਾਕਿਆਂ ਪਿੱਛੇ ਗੋਪਾਲ ਸਿੰਘ ਚਾਵਲਾ ਦਾ ਖੁੱਲ੍ਹ ਕੇ ਨਾਮ ਲਿਆ। ਚਾਵਲਾ ਵੱਲੋਂ ਬੀਤੇ ਦਿਨੀਂ ਮੀਡੀਆ ਵਿਚ ਦਿੱਤੇ ਇਕ ਬਿਆਨ ਵਿਚ ਕਿਹਾ ਗਿਆ, ਜੇ ਭਾਰਤ ਤੁਹਾਡੀ ਮਾਤਾ ਹੈ ਤਾਂ ਪਾਕਿਸਤਾਨ ਤੁਹਾਡਾ ਪਿਉ ਹੈ। ਮਾਂ ਹਮੇਸ਼ਾਂ ਪਿਉ ਦੇ ਹੁਕਮ ਅਨੁਸਾਰ ਚੱਲਦੀ ਹੈ। ਭਾਰਤੀਆਂ ਨੂੰ ਆਪਣੇ ਪਿਉ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਨਿਸਤੋ ਨਾਬੂਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਉਨ੍ਹਾਂ ਅੱਲ੍ਹਾ ਨੂੰ ਗਵਾਹ ਮੰਨਦਿਆਂ ਖਾਲਿਸਤਾਨ ਅਤੇ ਕਸ਼ਮੀਰ ਦੀ ਅਜਾਦੀ ਹਰ ਸੂਰਤ ਵਿਚ ਕਰਵਾਏ ਜਾਣ ਦਾ ਹੁੰਗਾਰਾ ਭਰਿਆ।