ਪਾਕਿਸਤਾਨ ਵੱਲੋਂ 2017 ਦੇ 15 ਮਾਰਚ ਅਤੇ 24 ਮਈ ਨੂੰ ਦੋ ਹਿੱਸਿਆਂ ਵਿੱਚ ਮਰਦਮਸ਼ੁਮਾਰੀ ਕਰਵਾਈ ਗਈ। ਮਰਦਮਸ਼ੁਮਾਰੀ ਦਾ ਆਖਿਰੀ ਨਤੀਜਾ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਾਕਿਸਤਾਨ ਦੀ ਕੁੱਲ ਅਬਾਦੀ 207,74 ਮਿਲੀਅਨ ਦੱਸੀ ਗਈ, ਜੋ ਕਿ 20 ਸਾਲ ਪਹਿਲਾਂ 1998 ਵਿੱਚ ਦਰਜ ਕੀਤੀ ਮਰਦਮਸ਼ੁਮਾਰੀ ਅਨੁਸਾਰ 57 ਪ੍ਰਤੀਸ਼ਤ ਵਧੇਰੀ ਦਰਜ ਹੋਈ। ਵਿਰੋਧੀ ਧਿਰਾਂ ਵੱਲੋਂ ਇਸ Ḕਤੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ, ਪਰ ਉਨ੍ਹਾਂ ਨਤੀਜਿਆਂ ਦੀ ਪੁਸ਼ਟੀ ਲਈ ਸਵਾਲ ਜਰੂਰ ਉਠਾਇਆ। ਵਿਰੋਧੀ ਧਿਰ ਵੱਲੋਂ ਚੁੱਕੀ ਅਵਾਜ ਦਾ ਕੋਈ ਸਰਕਾਰੀ ਜੁਆਬ ਪ੍ਰਾਪਤ ਨਹੀਂ ਹੋਇਆ। ਜੇ ਇਸ ਨੂੰ ਘੋਖਿਆ ਜਾਵੇ ਤਾਂ ਸਾਬਤ ਹੁੰਦਾ ਹੈ ਕਿ 94% ਅਬਾਦੀ ਸੁੰਨੀ ਮੁਸਲਮਾਨਾਂ ਦੀ ਹੈ, 4% ਤੋਂ ਘੱਟ ਅਬਾਦੀ ਘੱਟ ਗਿਣਤੀਆਂ ਦੀ ਦਰਜ ਹੋਈ। ਜਿਸ ਵਿਚ 1,85% ਹਿੰਦੂ, 1,59% ਇਸਾਈ ਅਤੇ ਅਹਿਮਦੀਆ 0,22% ਦਰਜ ਕੀਤੇ ਗਏ, ਜਦੋਂਕਿ ਸਿੱਖਾਂ ਨੂੰ ਵੱਖਰੀਆਂ ਘੱਟ ਗਿਣਤੀਆਂ ਵਿਚ ਸਥਾਨ ਨਹੀਂ ਦਿੱਤਾ ਗਿਆ। ਹਿੰਦੂ ਅਤੇ ਸਿੱਖਾਂ ਨੂੰ ਸਿੰਧ ਅਤੇ ਪੰਜਾਬ ਦੇ ਇਲਾਕਿਆਂ ਵਿਚ ਇਕੋ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ। ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕੇ ਖਹਿਬਰ ਵਿਚ ਸਿੱਖਾਂ ਦੀ ਗਿਣਤੀ ਵਧੇਰੀ ਹੈ, ਪਰ ਜਿਹਾਦੀਆਂ ਦੇ ਪ੍ਰਭਾਵ ਕਾਰਨ ਸਿੱਖ ਨਸਲੀ ਭੇਦਭਾਵ ਦਾ ਸ਼ਿਕਾਰ ਹਨ। 2012 ਵਿਚ ਸਿੱਖਾਂ ਦੀ ਅਬਾਦੀ 6146 ਸੀ, ਜੋ ਕਿ ਹੁਣ 20,000 ਦੇ ਕਰੀਬ ਹੈ। ਇਹ ਗਿਣਤੀ 30,000 ਤੱਕ ਪਹੁੰਚਣ ਦੇ ਆਸਾਰ ਹਨ, ਜਿਸਦੇ ਦੋ ਮੁੱਖ ਕਾਰਨ ਦੱਸੇ ਜਾਂਦੇ ਹਨ, ਪਹਿਲਾ ਅਫ਼ਗਾਨੀ ਸਿੱਖਾਂ ਦਾ ਤਾਲਿਬਾਨ ਦਹਿਸ਼ਤਗਰਦਾਂ ਕਾਰਨ ਪਾਕਿਸਤਾਨ ਨੂੰ ਪ੍ਰਵਾਸ ਕਰਨਾ, ਦੂਸਰਾ ਸਿੰਧ ਅਤੇ ਪੰਜਾਬ ਸੂਬਿਆਂ ਵਿਚੋਂ ਹਿੰਦੂਆਂ ਦਾ ਇਸਲਾਮੀ ਕੱਟੜਪੰਥੀਆਂ ਦੇ ਡਰ ਕਾਰਨ ਸਿੱਖ ਧਰਮ ਕਬੂਲ ਕਰਨਾ। ਮਨੁੱਖੀ ਅਧਿਕਾਰਾਂ ਅਨੁਸਾਰ 2017 ਤੱਕ ਦੇ ਅੰਕੜਿਆਂ ਨੂੰ ਜੇ ਘੋਖਿਆ ਜਾਵੇ ਤਾਂ ਦਹਿਸ਼ਤਗਰਦੀ ਦੇ ਚੱਲਦਿਆਂ ਪਾਕਿਸਤਾਨ ਦੀ ਅਬਾਦੀ ਘਟਣ ਦੀ ਬਜਾਇ ਦੁੱਗਣੀ ਹੋਣ ਦੇ ਕਾਰਨ ਸਪਸ਼ਟ ਨਹੀਂ ਹੋ ਰਹੇ। ਇਸ ਤੋਂ ਇਲਾਵਾ ਇਸਾਈ ਅਹਿਮਦੀਆ, ਹਜਾਰਾ ਹਿੰਦੂ ਅਤੇ ਸਿੱਖਾਂ ਨੂੰ ਘੱਟ ਗਿਣਤੀਆਂ ਕਾਰਨ ਇਸਲਾਮਕ ਕੱਟੜਪੰਥੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਹਿੰਦੂ ਅਤੇ ਸਿੱਖ ਲੜਕੀਆਂ ਦੇ ਜਬਰੀ ਵਿਆਹ ਇਸਲਾਮੀ ਲੜਕਿਆਂ ਨਾਲ ਕੀਤੇ ਜਾਂਦੇ ਹਨ। ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਲੜਕੀਆਂ ਨਾਬਾਲਗ ਵੀ ਹੁੰਦੀਆਂ ਹਨ। 1947 ਉਪਰੰਤ ਬ੍ਰਿਟਿਸ਼ ਰਾਜ ਦੇ ਖਾਤਮੇ ਤੋਂ ਬਾਅਦ ਪਾਕਿਸਤਾਨ ਪਾਕ ਧਰਤੀ ਵਜੋਂ ਜਾਣਿਆ ਗਿਆ ਸੀ। ਜਿੱਥੇ ਬਹੁਤ ਸਾਰੇ ਹਿੰਦੂ ਮੰਦਰ ਅਤੇ ਇਤਿਹਾਸਕ ਸਿੱਖ ਗੁਰਦੁਆਰੇ ਸਨ, ਜਿਨਾਂ ਵਿਚ ਮੁੱਖ ਤੌਰ Ḕਤੇ ਬਲੋਚਿਸਤਾਨ ਦਾ ਸ਼ਕਤੀ ਪੀਠ, ਪੰਜਾਬ ਦਾ ਸ਼ਿਵਜੀ ਮੰਦਰ, ਕਰਾਚੀ ਅਤੇ ਸਿੰਧ ਦਾ ਸਵਾਮੀ ਨਰਾਇਣ ਮੰਦਰ, ਕਰਾਚੀ ਦਾ ਪੰਚਮੁੱਖੀ ਹਨੂਮਾਨ ਮੰਦਰ ਅਤੇ ਸਿਆਲਕੋਟ ਦਾ ਜਗਨਨਾਥ ਮੰਦਰ ਹਿੰਦੂਆਂ ਲਈ ਆਕਰਸ਼ਣ ਦਾ ਕੇਂਦਰ ਰਹੇ ਹਨ। ਇਸ ਤੋਂ ਇਲਾਵਾ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਅਤੇ ਕਰਤਾਰਪੁਰ ਦਾ ਸਿੱਖਾਂ ਨਾਲ ਰਿਸ਼ਤਾ ਅਤੁੱਟ ਹੈ। ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਸਿੱਖਾਂ ਲਈ ਆਪਣੇ ਘਰ ਵਾਂਗ ਹਨ। ਪਾਕਿਸਤਾਨ ਵੱਲੋਂ ਸਿੱਖਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਣਾਂ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਂਦੀ ਹੈ, ਜਦਕਿ ਇਹ ਛੂਟ ਹਿੰਦੂਆਂ ਨੂੰ ਨਹੀਂ। ਪਾਕਿਸਤਾਨ ਹਿੰਦੂ ਅਤੇ ਸਿੱਖਾਂ ਵਿਚ ਵਖਰੇਵਾਂ ਕਿਉਂ ਕਰਦਾ ਹੈ, ਇੱਥੋਂ ਤੱਕ ਕਿ ਖਾਲਿਸਤਾਨ ਦੀ ਮੰਗ ਵੀ ਪਾਕਿਸਤਾਨ ਦੀ ਧਰਤੀ ਤੋਂ ਵਧੇਰੇ ਜੋਸ਼ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ। ਖਾਲਿਸਤਾਨ ਦੇ ਮੁੱਦੇ ਨੂੰ ਪਾਕਿਸਤਾਨ ਹਮੇਸ਼ਾਂ ਗਰਮ ਪਾਣੀ ਵਾਂਗ ਉੱਬਲਦਾ ਹੀ ਰੱਖਣਾ ਚਾਹੁੰਦਾ ਹੈ। ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵੱਸੇ ਸਿੱਖਾਂ ਨੂੰ ਧਰਮ ਦੇ ਨਾਮ Ḕਤੇ ਪਾਕਿਸਤਾਨ ਵੱਲ ਖਿੱਚਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਪਾਕਿਸਤਾਨ ਵੱਲੋਂ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਪਹੁੰਚੇ ਸ਼ਰਧਾਲੂਆਂ ਨਾਲ ਮਿਲਣ ਦੀ ਇਜਾਜਤ ਨਹੀਂ ਦਿੱਤੀ ਜਾਂਦੀ। ਭਾਰਤ ਵਿਚ ਵੱਡੀ ਗਿਣਤੀ ਵਿਚ ਹਿੰਦੂ ਪਰਿਵਾਰ ਸਿੱਖ ਧਰਮ ਅਤੇ ਗਰਦੁਆਰਿਆਂ ਨਾਲ ਜੁੜੇ ਹਨ, ਜੋ ਕਿ ਪ੍ਰਤੀ ਦਿਨ ਆਪਣੇ ਦਿਨ ਦੀ ਸ਼ੁਰੂਆਤ ਗੁਰਦੁਆਰੇ ਤੋਂ ਕਰਦੇ ਹਨ। ਫਿਰ ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਸਿੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਅਤੇ ਹਿੰਦੂ ਮੰਦਰਾਂ ਦੀ ਸਾਂਭ ਸੰਭਾਲ ਲਈ ਵੀਜੇ ਕਿਉਂ ਜਾਰੀ ਨਹੀਂ ਕੀਤੇ ਜਾਂਦੇ। ਅਜਿਹਾ ਦੂਹਰਾ ਮਾਪਦੰਡ ਪਾਕਿਸਤਾਨ ਦੀ ਨੀਯਤ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ?