ਮਿਲਾਨ (ਇਟਲੀ) (ਅਮਨਜੋਤ ਸਿੰਘ) – ਪਾਕਿਸਤਾਨ ਵਿੱਚ ਅਣਮਨੁੱਖੀ ਵਤੀਰਾ ਜਿਉਂ ਦਾ ਤਿਉਂ ਹੈ। ਉੱਥੇ ਘੱਟ ਗਿਣਤੀਆਂ ਦੀ ਰਤਾ ਵੀ ਸੁਰੱਖਿਆ ਨਹੀਂ ਹੈ। ਅਜਿਹੀ ਹੀ ਇਕ ਘਟਨਾ ਵਾਪਰੀ ਫੈਸਲਾਬਾਦ ਸ਼ਹਿਰ ’ਚ। ਕ੍ਰਿਸਚਨ ਲੜਕੀ ਫਾਰਹਾ ਸਾਹੀਨ ਜਿਸ ਦੀ ਉਮਰ ਸੀ ਸਿਰਫ 12 ਸਾਲ। ਕਸੂਰ ਬੱਸ ਏਨਾ ਕਿ ਉਹ ਈਸਾਈ ਧਰਮ ਨਾਲ ਸਬੰਧਿਤ ਸੀ। ਪੰਜ ਸਾਲ ਪਹਿਲਾਂ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ ਅਤੇ ਹੁਣ ਉਹ ਆਪਣੇ ਪਿਤਾ ਆਸਿਫ ਮਾਸੀਹ ਨਾਲ ਰਹਿ ਰਹੀ ਸੀ ਅਤੇ ਆਪਣੇ ਛੋਟੇ ਭਰਾ ਨੂੰ ਸੰਭਾਲਦੀ ਸੀ ਤੇ ਸਾਰਾ ਦਿਨ ਇਕੱਲੀ ਘਰ ਵਿੱਚ ਰਹਿ ਕੇ ਉਸ ਦੀ ਦੇਖਭਾਲ ਕਰਦੀ ਸੀ। ਬੀਤੀ ਜੂਨ 25 ਨੂੰ ਦਿਨ ਵਿੱਚ ਇਲਾਕੇ ਵਿਚ ਟੈਂਟ ਸਰਵਿਸ ਦਾ ਕੰਮ ਕਰਦੇ ਇਕ ਵਿਅਕਤੀ ਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਇਸ ਲੜਕੀ ਨੂੰ ਅਗਵਾ ਕਰ ਲਿਆ। ਲੜਕੀ ਦਾ ਪਿਤਾ ਮਿੰਨਤਾ ਤਰਲੇ ਕਰ ਕੇ ਚਿਲਾਉਂਦਾ ਰਿਹਾ, ਪ੍ਰੰਤੂ ਇਨ੍ਹਾਂ ਦਰਿੰਦਿਆਂ ਨੇ ਇਕ ਨਾ ਸੁਣੀ। ਲੜਕੀ ਨੂੰ ਚੁੱਕ ਕੇ ਲੈ ਗਏ ਅਤੇ ਨਾਬਾਲਗਾ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਅਤੇ ਉਸ ਵਿਅਕਤੀ ਨੇ ਪੂਰੀ ਗੁੰਡਾਗਰਦੀ ਦਿਖਾਉਂਦੇ ਹੋਏ ਫਾਰਹਾ ਨਾਲ ਧੱਕੇ ਨਾਲ ਸ਼ਾਦੀ ਕਰ ਲਈ।
ਲੜਕੀ ਦੇ ਪਿਤਾ ਨੇ ਪੁਲਿਸ ਨੂੰ ਇਤਲਾਹ ਕੀਤੀ, ਜਿਸ ਨੇ ਇਕ ਨਾ ਸੁਣੀ। ਫਿਰ ਉਹ ਇਲਾਹਾਬਾਦ ਪੁਲਿਸ ਕੋਲ ਸ਼ਿਕਾਇਤ ਲੈ ਕੇ ਕੇ ਗਿਆ, ਪ੍ਰੰਤੂ ਇੱਥੇ ਵੀ ਕੁਝ ਨਾ ਬਣਿਆ। ਆਖਿਰ ਚਾਰ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਇਕ ਵਕੀਲ ਰਾਹੀਂ ਹੁਣ ਇਹ ਮੁਕੱਦਮਾ ਅਲਾਹਾਬਾਦ ਦੀ ਇਕ ਕੋਰਟ ਵਿੱਚ ਚਲਾਇਆ ਜਾ ਰਿਹਾ ਹੈ। ਦਰਅਸਲ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਨਿੱਤ ਦਿਨ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਦੀਆਂ ਨਾਬਾਲਗ ਲੜਕੀਆਂ ਨੂੰ ਜਬਰੀ ਚੁੱਕ ਕੇ ਧਰਮ ਪ੍ਰਵਿਰਤਨ ਕਰਵਾ ਕੇ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ। ਜਦੋਂ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਜਰਾ ਵੀ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੇ।