ਪਾਦੋਵਾ (ਇਟਲੀ) (ਕੈਂਥ, ਟੇਕ ਚੰਦ) – ਸੰਸਾਰ ਵਿੱਚ ਸੁੱਖ ਸ਼ਾਂਤੀ, ਤੰਦਰੁਸਤੀ ਤੇ ਸਮੁੱਚੀ ਕਾਇਨਾਤ ਦੀ ਮੰਗਲ ਕਾਮਨਾ ਤਹਿਤ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਸਾਲਾਨਾ ਵਿਸ਼ਵ ਸ਼ਾਂਤੀ ਯੱਗ 29 ਜੁਲਾਈ 2023 ਦਿਨ ਸ਼ਨੀਵਾਰ ਨੂੰ ਸ਼੍ਰੀ ਰਾਮੇਸ਼ ਪਾਲ ਸ਼ਾਸ਼ਤਰੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਵੇਨੇਤੋ ਸੂਬੇ ਦੇ ਸ਼੍ਰੀ ਬਾਲਾ ਜੀ ਸਨਾਤਨੀ ਮੰਦਰ ਪਾਦੋਵਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਿਕਰਤ ਕਰ ਰਹੀਆਂ ਹਨ।
ਇਹ ਵਿਸ਼ਵ ਸ਼ਾਂਤੀ ਯੱਗ ਜਿਹੜਾ ਕਿ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਸਮੁੱਚੇ ਵਿਸ਼ਵ ਦੀ ਸ਼ਾਂਤੀ ਲਈ ਕਰਵਾਇਆ ਜਾਂਦਾ ਹੈ, ਇਸ ਵਿੱਚ ਪ੍ਰਭੂ ਉਸਤਤਿ ਲਈ ਜਿੱਥੇ ਪ੍ਰਸਿੱਧ ਭਜਨ ਮੰਡਲੀਆਂ ਹਾਜ਼ਰੀ ਭਰ ਰਹੀਆਂ ਹਨ, ਉੱਥੇ ਭਾਰਤ ਦੀ ਧਰਤੀ ਤੋਂ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਤਿਰਲੋਕੀ ਦੀ ਸੈਰ ਕਰਵਾਉਣ ਵਾਲੇ ਵਾਲੇ ਰਾਜਸਥਾਨ ਦੇ ਭਜਨ ਸਮਰਾਟ ਸੁਆਮੀ ਪ੍ਰਕਾਸ਼ ਦਾਸ ਜੀ ਵੀ ਸੰਗਤ ਨੂੰ ਦਰਸ਼ਨ ਦੇਣਗੇ। ਇਸ ਮੌਕੇ ਕੰਜਕ ਪੂਜਣ ਅਤੇ ਹੋਰ ਵੀ ਵਿਸ਼ੇਸ਼ ਧਾਰਮਿਕ ਕਾਰਜ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯੱਗ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ।