
ਪੁਨਤੀਨੀਆਂ (ਇਟਲੀ) 2 ਅਗਸਤ (ਵਿਸ਼ੇਸ਼ ਪ੍ਰਤੀਨਿੱਧ) – ਲਾਤੀਨਾ ਨੇੜ੍ਹਲੇ ਸ਼ਹਿਰ ਪੁਨਤੀਨੀਆ ਵਿਖੇ ਇਲਾਕੇ ਦੀਆਂ ਪੰਜਾਬਣਾਂ ਦੁਆਰਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਬਜੀਤ ਕੌਰ, ਗਗਨਦੀਪ ਕੌਰ, ਗੁਰਸੇਵਕ ਕੌਰ ਅਤੇ ਅਮਨਦੀਪ ਕੌਰ ਆਦਿ ਦੀ ਗਿੱਧਾ ਟੀਮ ਦੁਆਰਾ ਪੰਜਾਬਣਾਂ ਦੇ ਦਿਲਾਂ ਦੀ ਧੜਕਣ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੰਜਾਬੀ ਦੇ ਪ੍ਰਮੁੱਖ ਗੀਤਾਂ ‘ਤੇ ਡਾਂਸ ਅਤੇ ਬੋਲੀਆਂ ਵੀ ਪਾਈਆਂ ਗਈਆਂ। ਇਸ ਮੌਕੇ ਤੀਆਂ ਬਾਰੇ ਗੱਲ ਕਰਦਿਆਂ ਸਰਬਜੀਤ ਕੌਰ ਨੇ ਕਿਹਾ ਕਿ, “ਤੀਆਂ ਸਾਡੇ ਸੱਭਿਆਚਾਰ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਜਿਸ ਤੋਂ ਪੰਜਾਬਣਾਂ ਦੇ ਚਾਵਾਂ ਤੇ ਸੱਧਰਾਂ ਦਾ ਪਤਾ ਲੱਗਦਾ ਹੈ। ਦੱਸਣਯੋਗ ਹੈ ਸਰਬਜੀਤ ਕੌਰ ਉੱਘੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਦੀ ਸਕੀ ਭੈਣ ਹੈ, ਜੋ ਕਿ ਇਟਲੀ ਵਿਚ ਲੰਬੇ ਅਰਸੇ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਹਿੱਤ ਲਾਮਬੰਦ ਹਨ।