ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਬਹੁਤ ਨੌਜਵਾਨ ਕਰਜ਼ਾ ਚੁੱਕ ਭਾਰਤ ਤੋਂ ਭਵਿੱਖ ਨੂੰ ਸੁਨਿਹਰੀ ਬਣਾਉਣ ਆਉਂਦੇ ਹਨ ਤੇ ਬਹੁਤੇ ਇਸ ਮਕਸਦ ਵਿੱਚ ਕਾਮਯਾਬ ਵੀ ਹੁੰਦੇ ਹਨ, ਪਰ ਕੁਝ ਅਜਿਹੇ ਵੀ ਸਨ ਜਿਹੜੇ ਕਿ ਵਕਤ ਦੀ ਚੱਲ ਰਹੀ ਚੱਕੀ ਵਿੱਚ ਫਸ ਜਾਂਦੇ ਹਨ ਤੇ ਮਾਨਸਿਕ ਸੰਤੁਲਨ ਗੁਆਕੇ ਲਾਚਾਰੀ ਵਿੱਚ ਮੌਤ ਨੂੰ ਗਲੇ ਲਗਾ ਲੈਂਦੇ ਹਨ. ਬਿਨ੍ਹਾਂ ਇਹ ਸੋਚੇ ਕਿ ਜਿਹੜੇ ਮਾਪਿਆਂ ਨੇ ਉਹਨਾਂ ਨੂੰ ਦਿਲ ਉੱਪਰ ਪੱਥਰ ਰੱਖ ਪ੍ਰਦੇਸ਼ ਤੋਰਿਆ ਹੈ, ਉਹਨਾਂ ਦਾ ਕੌਣ ਸਹਾਰਾ ਬਣੂ। ਇਟਲੀ ਵਿੱਚ ਕਈ ਨੌਜਵਾਨ ਕੰਮਾਂਕਾਰਾਂ ਦੀ ਪ੍ਰੇਸ਼ਾਨੀ ਤੋਂ ਤੰਗ ਆਕੇ ਸਦਾ ਲਈ ਮੌਤ ਦੀ ਨੀਂਦ ਸੌਣ ਨੂੰ ਪਹਿਲ ਦੇ ਚੁੱਕੇ ਹਨ ਤੇ ਹਾਲੇ ਵੀ ਇਹ ਤਬਾਹੀਕੁੰਨ ਦੌਰ ਖਤਮ ਹੁੰਦਾ ਦਿਖਾਈ ਨਹੀਂ ਦਿੰਦਾ। ਅਜਿਹਾ ਦੌਰ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਵਿਚ ਗਹਿਗਚ ਕਰਕੇ ਖੁਦਕਸ਼ੀਆਂ ਕਰਨ ਵੱਲ ਮੌੜ ਰਿਹਾ ਹੈ। ਇਸ ਅੰਨੇ ਤੇ ਗੂੰਗੇ ਦੌਰ ਵਿੱਚ ਇਟਲੀ ਵਿੱਚ ਇੱਕ ਹੋਰ ਨੌਜਵਾਨ ਵੱਲੋਂ ਆਪਣੇ ਹੱਥੀ ਆਪਣੀ ਜਿੰਦਗੀ ਨੂੰ ਖਤਮ ਕਰਨ ਦਾ ਕੌੜਾ ਸੱਚ ਸਾਹਮਣੇ ਆਇਆ ਹੈ।
ਇਟਲੀ ਦਾ ਲਾਸੀਓ ਸੂਬਾ ਜਿਸਦੇ ਜਿਲ੍ਹਾ ਲਾਤੀਨਾ ਵਿੱਚ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਰੈਣ ਬਸੇਰਾ ਕਰਦਾ ਹੈ ਤੇ ਇਸ ਜਿਲ੍ਹੇ ਦੇ ਇਲਾਕੇ ਸਬਾਊਦੀਆ ਪੁਨਤੀਨੀਆਂ ਨੇੜੇ ਖੇਤੀਬਾੜੀ ਫਾਰਮ ਹਾਊਸ ਦੇ ਇੱਕ ਦਰੱਖਤ ਨਾਲ ਰੱਸੀ ਪਾ ਨੌਜਵਾਨ ਜਸਪ੍ਰੀਤ ਸਿੰਘ (30) ਨੇ ਆਤਮ ਹੱਤਿਆ ਕਰ ਲਈ. ਜਿਸ ਦੀ ਖ਼ਬਰ ਮਿਲਦਿਆਂ ਹੀ ਇਟਾਲੀਅਨ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਘਟਨਾ ਦੇ ਕਾਰਨ ਪਤਾ ਕਰਨ ਵਿੱਚ ਡੂੰਘਾਈ ਨਾਲ ਜਾਂਚ ਕਰਨ ਵਿੱਚ ਜੁੱਟ ਗਈ।
ਸੂਤਰਾਂ ਅਨੁਸਾਰ ਜਸਪ੍ਰੀਤ ਸਿੰਘ ਮੋਗਾ ਜਿਲ੍ਹੇ ਨਾਲ ਸਬੰਧਿਤ ਸੀ ਤੇ ਉਸ ਨੂੰ ਇਟਲੀ ਆਏ 4-5 ਸਾਲ ਹੋ ਗਏ ਸਨ। ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਪਰ ਬਣੇ ਸਨ ਤੇ ਦਸੰਬਰ ਵਿੱਚ ਵਿਆਹ ਕਰਵਾਉਣ ਲਈ ਭਾਰਤ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਾ ਨਹੀਂ ਕਿਹੜੇ ਵਕਤ ਦਾ ਮਾਰਿਆ ਮੌਤ ਨੂੰ ਗਲ ਲਾ ਦੁਨੀਆਂ ਤੋਂ ਹੀ ਚਲਾ ਗਿਆ। ਮ੍ਰਿਤਕ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਦਾ ਕੋਈ ਠੋਸ ਕਾਰਨ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ।
ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਕਈ ਨੌਜਵਾਨਾਂ ਨੇ ਇਸ ਇਲਾਕੇ ਵਿੱਚ ਕੰਮਾਂਕਾਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਚੱਲਦਿਆਂ ਖੁਦਕਸ਼ੀ ਦਾ ਰਾਹ ਚੁੱਣਿਆ ਸੀ, ਪਰ ਕੀ ਮਾਪਿਆਂ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਪ੍ਰਦੇਸ ਆ ਰਹੇ ਉਹਨਾਂ ਨੌਜਵਾਨਾਂ ਦਾ ਇਹ ਫੈਸਲਾ ਦਰੁੱਸਤ ਹੈ ਜਿਹੜੇ ਕਿ ਆਉਂਦੇ ਤਾਂ ਇਟਲੀ ਘਰ ਦੀ ਗਰੀਬੀ ਦੂਰ ਕਰਨ ਤੇ ਬੁੱਢੇ ਮਾਪਿਆਂ ਦਾ ਸਹਾਰਾ ਬਣਨ, ਪਰ ਇੱਥੋ ਦੇ ਹਾਲਤਾਂ ਤੋਂ ਤੰਗ ਆ ਜਿੰਦਗੀ ਦੀ ਜੰਗ ਲੜਨ ਨਾਲੋਂ ਬਿਹਤਰ ਮਰਨਾ ਸੌਖਾ ਸਮਝ ਦੇ ਹਨ।
ਉਹਨਾਂ ਤਮਾਮ ਨੌਜਵਾਨਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਜ਼ਬੂਰ ਤੇ ਲਾਚਾਰ ਮਾਪਿਆਂ ਬਾਰੇ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਜੇਕਰ ਖੁਦਕਸ਼ੀਆਂ ਨਾਲ ਮਰਨ ਵਾਲੇ ਨੌਜਵਾਨ ਆਪਣੇ ਮਾਪਿਆਂ ਪ੍ਰਤੀ ਰਤਾ ਵੀ ਚਿੰਤਤ ਹੋਣ ਤਾਂ ਉਹ ਅਜਿਹਾ ਫੈਸਲਾ ਕਿਸੇ ਵੀ ਤਰ੍ਹਾਂ ਦੇ ਮਾੜੇ ਹਾਲਾਤ ਵਿੱਚ ਨਹੀਂ ਕਰ ਸਕਦੇ। ਅਜਿਹੀਆਂ ਘਟਨਾਵਾਂ ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਲੱਕ ਤੋੜਨ ਵਿੱਚ ਕੋਈ ਨਹੀਂ ਛੱਡ ਰਹੀਆਂ, ਪਰ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਅਜਿਹੇ ਵਕਤ ਦੇ ਝੰਬੇ ਨੋਜਵਾਨਾਂ ਦੀ ਬਾਂਹ ਫੜ੍ਹਨ ਲਈ ਸੰਜੀਦਗੀ ਦਿਖਾਉਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਕਈ ਘਰਾਂ ਦੇ ਚਿਰਾਗ ਬੁੱਝਣੋ ਬਚ ਸਕਦੇ ਹਨ।
ਪੁਨਤੀਨੀਆ : ਪੰਜਾਬੀ ਨੌਜਵਾਨ ਨੇ ਦਰੱਖਤ ਨਾਲ ਰੱਸਾ ਪਾ ਕੀਤੀ ਖੁਦਕਸ਼ੀ
