
ਪੋਰਦੀਨੋਨੇ (ਇਟਲੀ) 2 ਅਪ੍ਰੈਲ – ਇਟਲੀ ਦੇ ਸ਼ਹਿਰ ਪੋਰਦੀਨੋਨੇ ਦੇ ਪਿੰਡ ਸਨਵੀਤੋ ਅਲਤਾਲੀਆਮੈਂਤੋ ਵਿਚ ਲੰਬੇ ਸਮੇਂ ਤੋਂ ਵਸਨੀਕ ਜਗਤਾਰ ਸਿੰਘ ਦੀ ਮੌਤ ਬੀਤੇ ਦਿਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਗਤਾਰ ਸਿੰਘ ਆਪਣੇ ਪਰਿਵਾਰ ਸਮੇਤ ਇਸ ਪਿੰਡ ਵਿਚ ਰਹਿੰਦੇ ਸਨ, ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਘੁਟਿੰਡ, ਸਲਾਣਾ ਨਾਲ ਜੁੜ੍ਹੀਆਂ ਸਨ। 52 ਸਾਲਾ ਜਗਤਾਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਹਲਕੇ ਦੇ ਪੰਜਾਬੀ ਭਾਈਚਾਰੇ ਵਿਚ ਮੌਤ ਦੇ ਕਾਰਨ ਨੂੰ ਕਰੋਨਾਵਾਇਰਸ ਨਾਲ ਜੋੜਿਆ ਜਾ ਰਿਹਾ ਸੀ। ਇਸ ਸਬੰਧੀ ਪਰਿਵਾਰ ਨੂੰ ਇੰਡੀਆ ਤੋਂ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੇ ਫੋਨ ਵੀ ਆਏ। ਉਪਰੋਕਤ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ, ਜਗਤਾਰ ਸਿੰਘ ਕਿਸੇ ਵੀ ਗੰਭੀਰ ਬਿਮਾਰੀ ਦੇ ਸ਼ਿਕਾਰ ਨਹੀਂ ਸਨ, ਅਤੇ ਨਾ ਹੀ ਉਹ ਕਰੋਨਾ ਦੇ ਮਰੀਜ ਸਨ। 31 ਮਾਰਚ ਦੀ ਸਵੇਰ ਨੂੰ ਨਾਸ਼ਤਾ ਕਰਨ ਉਪਰੰਤ ਉਨ੍ਹਾਂ ਨੂੰ ਸਾਹ ਦੀ ਤਕਲੀਫ ਹੋਈ ਅਤੇ ਕੁਝ ਸਮੇਂ ਅੰਦਰ ਹੀ ਉਨ੍ਹਾਂ ਦੇ ਸਾਹਾਂ ਦੀਆਂ ਤੰਦਾਂ ਟੁੱਟ ਗਈਆਂ।
ਮਾਹਿਰ ਮੈਡੀਕਲ ਟੀਮ ਵੱਲੋਂ ਖੁਲਾਸਾ ਕੀਤਾ ਗਿਆ ਕਿ, ਜਗਤਾਰ ਸਿੰਘ ਦੀ ਮੌਤ ਕਾਰਡੀਅਕ ਅਰੈੱਸਟ ਕਾਰਨ ਹੋਈ। ਹਸਪਤਾਲ ਲੈ ਜਾਣ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹਾਰਟ ਅਟੈਕ ਕਾਰਨ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਇਸ ਸਬੰਧੀ ਅਫਸੋਸ ਦੀ ਲਹਿਰ ਹੈ।