in

ਪ੍ਰਗਤੀਸ਼ੀਲ ਅਤੇ ਉੱਜਵਲ ਭਾਰਤ ਵਿਚ ਹੀ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੈ!

ਵਿਦੇਸ਼ੀ ਧਰਤੀ ਉੱਤੇ ਆਪਾਂ ਸਾਰੇ ਜਿੰਨੀਆਂ ਮਰਜ਼ੀ ਮੱਲਾਂ ਮਾਰ ਲਈਏ, ਚਾਹੇ ਵਿਦੇਸ਼ੀ ਨਾਗਰਿਕਤਾ ਵੀ ਲੈ ਲਈਏ, ਪਰ ਕਦੀਂ ਵੀ ਆਪਣੀ ਪਹਿਚਾਣ ਭਾਵ ਭਾਰਤੀ ਹੋਣ ਨੂੰ ਨਹੀਂ ਛੁਪਾ ਸਕਦੇ। ਹੁਣ ਤੱਕ ਵਿਦੇਸ਼ਾਂ ਵਿੱਚ ਰਹਿੰਦਿਆਂ ਜਿੰਨੇ ਵੀ ਕਾਮਯਾਬੀ ਦੇ ਝੰਡੇ ਭਾਰਤੀ ਲੋਕਾਂ ਨੇ ਗੱਡੇ, ਉਸ ਕਾਮਯਾਬੀ ਵਿੱਚ ਕਿਤੇ ਨਾ ਕਿਤੇ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਸੱਭਿਆਚਾਰ ਦਾ ਰੋਲ ਅਹਿਮ ਰਿਹਾ ਹੈ। ਭਾਰਤੀ ਲੋਕ ਵਿਦੇਸ਼ੀ ਨਾਗਰਿਕਤਾ ਲੈਣ ਉਪਰੰਤ ਵੀ ਵਿਦੇਸ਼ਾਂ ਵਿੱਚ ਇੱਕ ਭਾਰਤੀ ਵਜੋਂ ਹੀ ਜਾਣੇ ਜਾਂਦੇ ਹਨ ਅਤੇ ਜਾਣੇ ਜਾਂਦੇ ਰਹਿਣਗੇ। ਭਾਰਤ ਦੇਸ਼ ਦੁਨੀਆ ਭਰ ਵਿੱਚ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਲਈ ਵਿਲੱਖਣ ਅਤੇ ਗੌਰਵਮਈ ਦੇਸ਼ ਮੰਨਿਆ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੇਸ਼ ਦੀਆਂ ਕਦੀ ਸਰਹੱਦਾਂ ਕਾਬਲ ਕੰਧਾਰ ਤੱਕ ਸਨ ਅਤੇ ਜੋ ਦਰਿਆਦਿਲੀ ਭਾਰਤੀ ਲੋਕਾਂ ਵਿੱਚ ਦੇਖੀ ਜਾਂਦੀ ਹੈ, ਉਹ ਦਰਿਆਦਿਲੀ ਹੋਰ ਮੁਲਕਾਂ ਦੇ ਬਾਸ਼ਿੰਦਿਆਂ ਵਿੱਚ ਬਹੁਤ ਹੈ, ਪਰ ਇਸ ਸਭ ਦੇ ਬਾਵਜੂਦ ਪਤਾ ਨਹੀਂ ਕਿਉਂ ਵਿਦੇਸ਼ੀ ਭਾਰਤੀ ਕਿੰਨਾਂ ਕਾਰਨਾਂ ਕਾਰਨ ਭਾਰਤ ਦੇਸ਼ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਅਤੇ ਫਰਜ਼ ਭੁੱਲਦੇ ਜਾ ਰਹੇ ਹਨ, ਜਿਨਾਂ ਕਾਰਨ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਮਾਣ-ਸਨਮਾਨ ਮਿਲਿਆ। ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਭਾਰਤੀ ਲੋਕਾਂ ਨੇ ਦੁਸ਼ਮਣਾਂ ਨਾਲ ਜੰਮ ਕੇ ਲੋਹਾ ਲਿਆ ਅਤੇ ਆਪਣੇ ਦੋਸਤ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਲਾਕੇ ਲੜਾਈ ਲੜ੍ਹੀ, ਜਿਨਾਂ ਵਿੱਚ ਇਟਲੀ ਵੀ ਇੱਕ ਹੈ। ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਭਾਰਤੀ ਲੋਕ ਇਟਾਲੀਅਨ ਲੋਕਾਂ ਦੇ ਹੱਕਾਂ ਲਈ ਜਿਸ ਬਹਾਦਰੀ ਅਤੇ ਸੂਰਵੀਰਤਾ ਨਾਲ ਲੜੇ, ਉਸ ਨੂੰ ਅੱਜ ਵੀ ਇਟਾਲੀਅਨ ਲੋਕ ਸੱਜਦਾ ਕਰਦੇ ਹਨ। ਹਜ਼ਾਰਾਂ ਭਾਰਤੀ ਲੋਕਾਂ ਨੇ ਇਟਲੀ ਦੀ ਆਨ ਤੇ ਸ਼ਾਨ ਲਈ ਹੱਸਦਿਆਂ ਹੱਸਦਿਆਂ ਸ਼ਹਾਦਤ ਦਿੱਤੀ, ਜਿਸ ਦੀ ਗਵਾਹੀ ਇਟਲੀ ਭਰ ਵਿੱਚ ਬਣੀਆਂ ਭਾਰਤੀ ਫੌਜ਼ੀਆਂ ਦੀਆਂ ਸਮਾਰਕਾਂ ਭਰਦੀਆਂ ਹਨ। ਜਿੱਥੇ ਕਿ ਹਰ ਸਾਲ ਭਾਰਤੀ ਕਮਿਊਨਿਟੀ ਵੱਲੋਂ ਤਾਂ ਇਨ੍ਹਾਂ ਭਾਰਤੀ ਸ਼ਹੀਦ ਫੌਜ਼ੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ, ਉੱਥੇ ਹੀ ਇਟਲੀ ਦੀ ਕੇਂਦਰ ਸਰਕਾਰ ਵੀ ਇਨ੍ਹਾਂ ਭਾਰਤੀ ਸ਼ਹੀਦ ਫੌਜ਼ੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ। ਭਾਰਤ ਦੇਸ਼ ਵੱਲੋਂ ਇਟਲੀ ਨੂੰ ਔਖੀ ਘੜ੍ਹੀ ਵਿੱਚ ਮਿਲੇ ਭਰਪੂਰ ਸਮਰਥਨ ਕਾਰਨ ਹੀ ਇਟਾਲੀਅਨ ਲੋਕ ਅੱਜ ਵੀ ਭਾਰਤੀ ਲੋਕਾਂ ਦਾ ਦਿਲੋ ਮਾਣ-ਸਨਮਾਨ ਕਰਦੇ ਹਨ।
ਇਟਲੀ ਵਿੱਚ ਜੋ ਫਰਜ਼ ਦੂਜੀ ਸੰਸਾਰ ਜੰਗ ਦੌਰਾਨ ਭਾਰਤੀ ਫੌਜ਼ੀਆਂ ਨੇ ਨਿਭਾਇਆ ਉਸ ਦੀ ਖੱਟੀ ਅੱਜ ਵੀ ਇਟਲੀ ਵਿੱਚ ਰੈਣ-ਬਸੇਰਾ ਕਰਦੇ ਭਾਰਤੀ ਖਾਂਦੇ ਹਨ, ਪਰ ਇਸ ਸਭ ਦੇ ਬਾਵਜੂਦ ਇਟਲੀ ਦੇ ਭਾਰਤੀ ਮਹਾਨ ਭਾਰਤ ਦੀ ਇਟਲੀ ਵਿੱਚ ਆਨ ਸ਼ਾਨ ਅਤੇ ਛਵੀ ਨੂੰ ਪਤਾ ਨਹੀਂ ਕਿਉਂ ਬੁਲੰਦੀ ਵੱਲ ਲਿਜਾਣ ਦੀ ਬਜਾਏ ਗਿਰਾਵਟ ਵੱਲ ਲਿਜਾ ਰਹੇ ਹਨ। ਇਹ ਗਿਰਾਵਟ ਕੁਝ ਭਾਰਤੀ ਲੋਕਾਂ ਵੱਲੋਂ ਜਿੱਥੇ ਜੁਰਮ ਦੀਆਂ ਪੈੜਾਂ ਉੱਪਰ ਤੁਰਨ ਕਾਰਨ ਵੱਧ ਰਹੀ ਹੈ, ਉੱਥੇ ਹੀ ਇਹ ਗਿਰਾਵਟ ਧਰਮ ਦੀ ਆੜ੍ਹ ਹੇਠ ਵੀ ਵਧ ਰਹੀ ਹੈ। ਜਿਸ ਭਾਰਤ ਦੀ ਬਦੌਲਤ ਇਟਲੀ ਦੇ ਭਾਰਤੀਆਂ ਨੂੰ ਇਟਾਲੀਅਨ ਲੋਕ ਪਸੰਦ ਕਰਦੇ ਹਨ, ਕਈ ਭਾਰਤੀ ਉਸ ਦੇਸ਼ ਦਾ ਨਾਗਰਿਕ ਕਹਾਉਣ ਵਿੱਚ ਵੀ ਸ਼ਰਮ ਮਹਿਸੂਸ ਕਰ ਰਹੇ ਹਨ। ਇਸ ਕਾਰਵਾਈ ਵਿੱਚ ਆਪਣੇ ਆਪ ਨੂੰ ਭਾਰਤੀ ਨਾ ਮੰਨਣ ਵਾਲੇ ਭਾਰਤੀਆਂ ਦਾ ਬਹੁਤਾ ਕਸੂਰ ਨਹੀਂ ਜਾਪਦਾ, ਕਿਉਂਕਿ ਇਨ੍ਹਾਂ ਲੋਕਾਂ ਨੂੰ ਧਰਮ ਅਤੇ ਰਾਜਨੀਤੀ ਦੀ ਖਿਚੜੀ ਬਣਾ ਰਹੀਆਂ ਭਾਰਤ ਵਿਰੋਧੀ ਤਾਕਤਾਂ ਆਪਣੇ ਮਕਸਦ ਲਈ ਭਟਕਾ ਰਹੀਆਂ ਹਨ ਤੇ ਦੁਸ਼ਮਣ ਦੇ ਮਨਸੂਬਿਆਂ ਤੋਂ ਅਣਜਾਣ ਭਾਰਤੀ ਇਹਨਾਂ ਨੂੰ ਆਪਣਾ ਹਮਦਰਦ ਮੰਨਦਿਆਂ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਜਾ ਰਹੇ ਹਨ। ਭਾਰਤ ਵਿਰੋਧੀ ਤਾਕਤਾਂ ਵੱਲੋਂ ਭਾਰਤ ਦੀ ਸਭ ਤੋਂ ਬਹਾਦਰ ਅਤੇ ਦਲੇਰ ਕੌਮ ਸਿੱਖ ਕੌਮ ਨੂੰ ਆਪਣਾ ਨਿਸ਼ਾਨਾ ਇਸ ਲਈ ਬਣਾਇਆ ਜਾ ਰਿਹਾ ਹੈ, ਕਿਉਂਕਿ ਸਿੱਖ ਕੌਮ ਮਾਸੂਮ ਅਤੇ ਭੋਲੀ ਹੋਣ ਕਾਰਨ ਆਸਾਨੀ ਨਾਲ ਦੁਸ਼ਮਣ ਦੀਆਂ ਚੋਪੜੀਆਂ-ਚੋਪੜੀਆਂ ਗੱਲਾਂ ਵਿੱਚ ਆ ਕੇ ਆਪਣੇ ਪੈਰਾਂ ਉੱਪਰ ਆਪ ਹੀ ਕੁਹਾੜਾ ਮਾਰਨ ਤੁਰੀ ਹੈ।
ਵਿਦੇਸ਼ਾਂ ਵਿੱਚ ਰੈਣ-ਬਸੇਰਾ ਕਰਦੇ ਭਾਰਤੀ ਜੇਕਰ ਭਾਰਤ ਦੇਸ਼ ਪ੍ਰਤੀ ਆਪਣੇ ਫਰਜ਼ਾਂ ਤੋਂ ਇੰਝ ਹੀ ਅਵੇਸਲੇ ਅਤੇ ਆਲਸੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਿਦੇਸ਼ਾਂ ਵਿੱਚ ਜਨਮੀ ਭਾਰਤੀ ਪੀੜ੍ਹੀ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਸੱਭਿਆਚਾਰ ਨੂੰ ਸਦਾ ਵਾਸਤੇ ਵਿਸਾਰ ਦੇਵੇਗੀ। ਜਿਹੜੇ ਲੋਕ ਇਟਲੀ ਵਿੱਚ ਰਹਿੰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਭਾਰਤ ਦੇਸ਼ ਪ੍ਰਤੀ ਜਾਗਰੂਕ ਕਰਨ ਵਿੱਚ ਲਾਚਾਰੀ ਦਿਖਾ ਰਹੇ ਹਨ, ਉਹ ਲੋਕ ਅਸਲ ਵਿੱਚ ਸਿਰਫ਼ ਭਾਰਤ ਤੋਂ ਹੀ ਨਹੀਂ ਸਗੋ ਸਿੱਖੀ ਤੋਂ ਵੀ ਦੂਰ ਜਾ ਰਹੇ ਹਨ, ਕਿਉਂਕਿ ਗੁਰੂਆਂ ਦੀ ਧਰਤੀ ਪੰਜਾਬ ਭਾਰਤ ਵਿੱਚ ਹੀ ਹੈ ਤੇ ਭਾਰਤ ਹੈ ਕੀ ਇਟਲੀ ਵਿੱਚ ਜੰਮਣ ਵਾਲੀ ਭਾਰਤੀ ਪੀੜ੍ਹੀ ਨੂੰ ਕੁਝ ਨਹੀਂ ਪਤਾ। ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਖਾਸਕਰ ਪੰਜਾਬੀ ਭਾਈਚਾਰੇ ਵੱਲੋਂ ਆਪਣੇ ਬੱਚਿਆਂ ਨੂੰ ਜਿੱਥੇ ਗੁਰਦੁਆਰਾ ਸਾਹਿਬ ਜਾਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬੀ ਬੱਚਿਆਂ ਨੂੰ ਭਾਰਤ ਦੇਸ਼ ਦੇ ਵਿਲੱਖਣ ਅਤੇ ਗੌਰਵਮਈ ਇਤਿਹਾਸ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਦੇਣੀ ਚਾਹੀਦੀ ਹੈ।

7ਵਾਂ ਫੁੱਟਬਾਲ ਟੂਰਨਾਮੈਂਟ, ਡਾਇਮੰਡ ਕਲੱਬ ਬਰੇਸ਼ੀਆ

ਫ਼ੋਰਬਸ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਅਕਸ਼ੇ ਕੁਮਾਰ