ਨੌਜਵਾਨ ਗੈਂਗਸਟਰ ਬਣਨ ਲੱਗੇ

ਮਿਲਾਨ (ਇਟਲੀ) 26 ਨਵੰਬਰ (ਸਾਬੀ ਚੀਨੀਆਂ) – ਜਿਹੜੇ ਸੰਗੀਤ ਪ੍ਰੇਮੀ ਪੰਜਾਬੀ ਗੀਤਾਂ ਦੀ ਬੱਲੇ ਬੱਲੇ ਦੀ ਦੁਹਾਈ ਪਾ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹੀ ਗੀਤ ਪੰਜਾਬ ਦੀ ਜਵਾਨੀ ਨੂੰ ਅੰਦਰੋ ਅੰਦਰੀ ਘੁਣ ਵਾਂਗ ਖਾ ਰਹੇ ਹਨ। ਸ਼ਾਇਦ ਇਸੇ ਕਰਕੇ ਨੌਜਵਾਨ ਮੁੰਡੇ ਕੁੜੀਆਂ ਚੰਗੇ ਖਿਡਾਰੀ, ਨਾਗਰਿਕ ਜਾਂ ਬਿਜਨਸਮੈਨ ਬਣਨ ਨਾਲੋਂ ਗੈਂਗਸਟਰ ਬਣਨ ਨੂੰ ਜਿਆਦਾ ਤਰਜੀਹ ਦੇ ਰਹੇ ਹਨ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਾਹਿਤਕਾਰ ਬਿੰਦਰ ਕੌਲੀਆਵਾਲ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ ਵੱਲੋਂ ਇਕ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਧਾਰਮਿਕ ਗੀਤ ‘ਮਨੁੱਖਤਾ ਦੀ ਸੇਵਾ’ ਦਾ ਪੋਸਟਰ ਲੋਕ ਅਰਪਣ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਬਲਵੀਰ ਸ਼ੇਰਪੁਰੀ ਵੱਲੋਂ ਗੀਤਾਂ ਵਿਚ ਉਠਾਏ ਜਾ ਰਹੇ ਮਸਲਿਆਂ ਦੀ ਸ਼ਲਾਘਾ ਕਰਦਿਆਂ ਗਾਉਣ ਵਾਲਿਆਂ ਨੂੰ ਅਪੀਲ ਕਰਦੇ ਆਖਿਆ ਕਿ, ਅਜਿਹੇ ਗੀਤ ਗਾਉਣ, ਜੋ ਸਮਾਜ ਨੂੰ ਚੰਗੀ ਸੇਧ ਦਿੰਦੇ ਹੋਣ। ਇਸ ਮੌਕੇ ਮੌਜੂਦ ਹੋਰਨਾਂ ਸਖਸ਼ੀਅਤਾਂ ਵਿਚ ਹਰਬਿੰਦਰ ਸਿੰਘ ਧਾਲੀਵਾਲ, ਗੀਤਕਾਰ ਸੇਮਾ ਜਲਾਲਪੁਰੀ, ਬਲਵਿੰਦਰ ਸਿੰਘ ਚਾਹਲ, ਮੇਜਰ ਸਿੰਘ ਖੱਖ, ਗੀਤਕਾਰ ਸਿੱਕੀ ਝਿੱਜੀ ਪਿੰਡ, ਪੱਤਰਕਾਰ ਵਿੱਕੀ ਬਟਾਲਾ, ਰਾਜੂ ਹਠੂਰੀਆ, ਦਿਲਬਾਗ ਸਿੰਘ ਖਹਿਰਾ, ਹਰਮੀਤ ਸਿੰਘ ਢੋਟ, ਜਗਵੰਤ ਸਿੰਘ ਲਹਿਰਾ, ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੌਦਲ, ਗੁਰਸ਼ਰਨ ਸਿੰਘ, ਰੁਪਿੰਦਰ ਸਿੰਘ ਹੁੰਦਲ, ਸੁਖਰਾਜ ਸਿੰਘ ਬਰਾੜ ਅਤੇ ਦਲਜਿੰਦਰ ਰਹਿਲ ਵੀ ਉੱਚੇਚੇ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਗਾਇਕ ਬਲਵੀਰ ਸ਼ੇਰਪੁਰੀ ਦੀ ਸਾਫ ਸੁਥਰੀ ਗਾਇਕੀ ਦੀ ਸ਼ਲਾਘਾ ਕੀਤੀ ਗਈ।