ਬਲੋਨੀਆ (ਇਟਲੀ) (ਦਵਿੰਦਰ ਹੀਉਂ) – ਇਟਲੀ ਦੇ ਸ਼ਹਿਰ ਬਲੋਨੀਆ ਨੇੜੇ ਕਸਬਾ ਮੌਂਤੀ ਬੈਲੋ ਵਿੱਚ ਇਕ ਡੇਅਰੀ ਫਾਰਮ ਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਬਹੁਤ ਹੀ ਦਰਦਨਾਕ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤਕਰੀਬਨ ਪੰਜ ਸਾਲ ਤੋਂ ਇੱਥੇ ਡੇਅਰੀ ਫਾਰਮ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਦੇ ਹੋਏ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਉਮਰ 27 ਸਾਲ ਜੋ ਕਿ ਟਰੈਕਟਰ ਨਾਲ ਪਸ਼ੂਆਂ ਦਾ ਚਾਰਾ ਕੁਤਰ ਰਿਹਾ ਸੀ ਦੀ ਰਰਹੱਸਮਈ ਢੰਗ ਨਾਲ ਕੁਤਰੇ ਵਾਲੀ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਦਰਦ ਭਰੀ ਮੌਤ ਹੋ ਗਈ। ਕੁੱਝ ਦਿਨ ਪਹਿਲਾਂ ਹੀ ਸਰਬਜੀਤ ਸਿੰਘ ਭਾਰਤ ਪੰਜਾਬ ਦੇ ਆਪਣੇ ਜੱਦੀ ਪਿੰਡ ਅੱਟਾ ਜਿਲ੍ਹਾ ਜਲੰਧਰ ਵਿਖੇ ਛੁੱਟੀਆਂ ਬਿਤਾ ਕੇ ਵਾਪਸ ਆਇਆ ਸੀ, ਉਸ ਦਾ ਪਿਤਾ ਕੁਲਵਿੰਦਰ ਸਿੰਘ ਵੀ ਭਾਰਤ ਗਿਆ ਹੋਇਆ ਸੀ ਜੋ ਕਿ ਘਟਨਾ ਵਾਰੇ ਸੁਣਦੇ ਸਾਰ ਹੀ ਵਾਪਸ ਪਰਤ ਆਏ ਹਨ ਨੇ ਦੱਸਿਆ ਕਿ, ਉਨ੍ਹਾਂ ਦਾ ਸਿਰਫ ਇੱਕ ਹੀ ਪੁੱਤਰ ਸੀ ਅਤੇ ਬਹੁਤ ਸੂਝਵਾਨ ਅਤੇ ਮਿਹਨਤੀ ਸੀ।
ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਉਸਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਵੀ ਮੌਤ ਦੇ ਘਟਨਾਕ੍ਰਮ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ, ਟਰੈਕਟਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਜੋ ਕਿ ਕਿਸੇ ਹਮਲੇ ਦੀ ਸ਼ੱਕ ਵੱਲ ਇਛਾਰਾ ਕਰਦਾ ਹੈ। ਇਹ ਮੌਤ ਐਨੀ ਦਰਦਨਾਕ ਸੀ ਕਿ ਮ੍ਰਿਤਕ ਦਾ ਸਰੀਰ ਮਸ਼ੀਨ ਵਿੱਚ ਪੂਰੀ ਤਰ੍ਹਾਂ ਕੁਤਰਿਆ ਗਿਆ ਹੈ।