ਵਿਸ਼ਵ ਆਬਾਦੀ ਦਿਵਸ ਮੌਕੇ ਸਥਾਨਕ ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ, ਸੂਬੇ ਦੀ ਹਰ ਸਰਕਾਰੀ ਸੰਸਥਾ ਵਿੱਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ। ਕੁੱਝ ਥਾਈਂ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਸਿਫ਼ਾਰਸ਼ ਕਰ ਦਿੰਦੇ ਹਨ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਕਟਰ ਹਸਪਤਾਲ ‘ਚ ਹੀ ਮਿਲਣ ਵਾਲੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇਣ।
ਆਬਾਦੀ ਕੰਟਰੋਲ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਹੈ। ਸੂਬੇ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਆਬਾਦੀ ਵਧਣ ਦੀ ਰਫ਼ਤਾਰ ਕਾਫ਼ੀ ਮੱਠੀ ਪਈ ਹੈ, ਜਿਸ ਦਾ ਸਿਹਰਾ ਸਿਹਤ ਵਿਭਾਗ ਦੇ ਤਮਾਮ ਮੁਲਾਜ਼ਮਾਂ ਖ਼ਾਸਕਰ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਦਾ ਬੋਝ ਸਾਰੀ ਧਰਤੀ ਉਤੇ ਹੈ, ਇਸ ਲਈ ਜੇ ਅਸੀਂ ਹੋਰ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਯਤਨ ਕਰੀਏ ਤਾਂ ਸਾਡਾ ਸੂਬਾ ਹੋਰਾਂ ਲਈ ਰੋਲ ਮਾਡਲ ਬਣ ਸਕਦਾ ਹੈ।
‘ਪਰਿਵਾਰ ਨਿਯੋਜਨ ਨਾਲ ਨਿਭਾਓ ਜ਼ਿੰਮੇਵਾਰੀ, ਮਾਂ ਤੇ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਿਆਰੀ’ ਨਾਅਰੇ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਮੈਡੀਕਲ ਤਰੀਕਿਆਂ ਬਾਰੇ ਪਰਵਾਸੀ ਮਜ਼ਦੂਰਾਂ ਨੂੰ ਸੱਭ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਮਾਮਲੇ ਵਿੱਚ ਪੰਜਾਬ ਮੂਹਰਲੀ ਕਤਾਰ ਦਾ ਸੂਬਾ ਹੈ, ਫਿਰ ਵੀ ਹਾਲੇ ਲੰਮਾ ਪੈਂਡਾ ਪਿਆ ਹੈ।
ਸ. ਚੀਮਾ ਨੇ ਦੱਸਿਆ ਕਿ 11 ਤੋਂ 24 ਜੁਲਾਈ ਤੱਕ ਆਬਾਦੀ ਕੰਟਰੋਲ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਹਰ ਸ਼ਹਿਰ ਅਤੇ ਪਿੰਡ ਵਿੱਚ ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਮਾਗਮ ਵਿੱਚ ਪਰਿਵਾਰ ਨਿਯੋਜਨ ਬਾਰੇ ਕਿਤਾਬਚਾ ਵੀ ਜਾਰੀ ਕੀਤਾ ਗਿਆ।