in

ਪੰਜਾਬ ’ਚ ਕੂੜੇ ਤੋਂ ਬਣੇਗੀ ਸਾਫ ਤੇ ਕਿਫਾਇਤੀ ਬਿਜਲੀ

ਕੂੜੇ ਤੋਂ ਸਾਫ ਤੇ ਕਿਫਾਇਤੀ ਬਿਜਲੀ ਪੈਦਾ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁਹਾਲੀ ਜ਼ਿਲੇ ਦੇ ਸਮਗੌਲੀ ਵਿਖੇ 50 ਏਕੜ ਰਕਬੇ ਵਿੱਚ ਕੂੜੇ ਤੋਂ ਬਿਜਲੀ ਪੈਦਾ ਕਰਨਾ ਵਾਲਾ 7 ਮੈਗਾਵਾਟ ਸਮਰੱਥਾ ਦਾ ਬਿਜਲੀ ਪ੍ਰਾਜੈਕਟ ਲਗਾਇਆ ਜਾਵੇਗਾ ਜੋ ‘ਬਣਾਓ ਅਪਣਾਓ ਤੇ ਚਲਾਓ’ (ਬੀ.ਓ.ਓ.) ਮਾਡਲ ਦੇ ਆਧਾਰ ‘ਤੇ ਲਗਾਇਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਜੋ ਗਮਾਡਾ ਤੇ ਪਟਿਆਲਾ ਨਗਰ ਨਿਗਮ ਠੋਸ ਰਹਿੰਦ-ਖੂੰਹਦ ਕਲੱਸਟਰ ਦਾ ਹਿੱਸਾ ਹੈ ਅਤੇ ਇਹ ਦੋ ਸਾਲ ਵਿੱਚ ਪੂਰਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਮੁਹਾਲੀ ਤੇ ਪਟਿਆਲਾ ਤੋਂ ਇਕੱਠੇ ਕੀਤੇ ਜਾਂਦੇ 600 ਟਨ ਪ੍ਰਤੀ ਦਿਨ ਕੂੜੇ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਜੋ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਹੈ, ਨੂੰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ.ਟੀ.ਪੀ.ਸੀ.) ਅਤੇ ਨਗਰ ਨਿਗਮ ਮੁਹਾਲੀ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕਰਨ ਦੀ ਪ੍ਰਵਾਨਗੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਜਲਵਾਯੂ ਤਬਦੀਲੀ ਬਾਰੇ ਸੂਬੇ ਦੇ ਐਕਸ਼ਨ ਪਲਾਨ ਅਤੇ ਸਵੱਛ ਭਾਰਤ ਅਭਿਆਨ ਮੁਹਿੰਮ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ। ਮਿਉਂਸਪਲ ਸਾਲੇਡ ਵੇਸਟ ਜੋ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਵੱਡੀ ਚੁਣੌਤੀ ਰਹੀ ਹੈ, ਨੂੰ ਹੁਣ ਨਵਿਉਣਯੋਗ ਊਰਜਾ ਦੇ ਸ੍ਰੋਤ ਵਜੋਂ ਪ੍ਰਭਾਵਸਾਲੀ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਜਾਵੇਗਾ ਜਿਸ ਨੂੰ ਕਿ ਹਾਲੇ ਤੱਕ ਯੋਜਨਾਬੰਦ ਤਰੀਕੇ ਨਾਲ ਵੱਡੇ ਪੱਧਰ ‘ਤੇ ਲਾਗੂ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ, ਇਸ ਪ੍ਰਾਜੈਕਟ ਨਾਲ ਹੁਣ ਇਸ ਖੇਤਰ ਵਿੱਚ ਨਵੀਆਂ ਪਹਿਲਕਦਮੀਆਂ ਨੂੰ ਰਾਹ ਮਿਲੇਗਾ। ਮੀਟਿੰਗ ਵਿੱਚ ਦੱਸਿਆ ਗਿਆ ਕਿ ਇਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਠੋਸ ਕੂੜਾ ਕਰਕੱਟ ਤੋਂ ਅੰਦਾਜ਼ਨ 50 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।
ਮੀਟਿੰਗ ਵਿੱਚ ਐਨ.ਟੀ.ਪੀ.ਸੀ. ਦੇ ਕੂੜੇ ਤੋਂ ਬਿਜਲੀ ਬਣਾਉਣ ਦੇ ਪ੍ਰਾਜੈਕਟ ਦੇ ਜਨਰਲ ਮੈਨੇਜਰ ਅਮਿਤ ਕੁਲਸ਼੍ਰੇਸ਼ਠਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਹ ਨਵੀਨਤਮ ਆਧੁਨਿਕ ਪਲਾਂਟ ਵਾਤਾਵਰਣ ਪੱਖੀ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਸੂਬੇ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨ.ਟੀ.ਪੀ.ਸੀ. ਵੱਲੋਂ ਪਹਿਲਾਂ ਹੀ ਅਜਿਹੇ ਪ੍ਰਾਜੈਕਟ ਸੂਰਤ (ਗੁਜਰਾਤ) ਦੇ ਕਵਾਸ, ਵਾਰਾਨਸੀ, ਇੰਦੌਰ ਤੇ ਪੂਰਬੀ ਦਿੱਲੀ ਨਗਰ ਨਿਗਮ ਵਿੱਚ ਲਗਾਏ ਗਏ ਹਨ।
ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜਨੀਅਰ ਬੀ.ਸੀ.ਸਰਾਂ ਨੇ ਖੁਲਾਸਾ ਕੀਤਾ ਕਿ ਪਾਵਰਕੌਮ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਾਗੂ ਕੀਤੇ ਸਮਝੌਤੇ ਉਪਰੰਤ ਐਨ.ਟੀ.ਪੀ.ਸੀ. ਨਾਲ ਬਿਜਲੀ ਖਰੀਦਣ ਦੇ ਸਮਝੌਤੇ ‘ਤੇ ਹਸਤਾਖਰ ਕਰੇਗਾ ਜੋ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਕੇਂਦਰੀ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੂੜੇ ਤੋਂ ਪੈਦਾ ਕੀਤੀ ਜਾ ਰਹੀ ਬਿਜਲੀ ਲਈ ਨਵਿਆਉਣਯੋਗ ਸ੍ਰੋਤਾਂ ਦੀਆਂ ਦਰਾਂ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ।

ਬੁਲਜਾਨੋ ਵਿਖੇ 11 ਜਨਵਰੀ ਨੂੰ ਲੱਗੇਗਾ ਪਾਸਪੋਰਟ ਕੈਂਪ

ਕਾਸਤਲਗੌਮਬੈਰਤੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ