ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਤੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਅਤੇ ਪੱਤਰਕਾਰੀ ਲਈ ਸੇਵਾਵਾਂ ਨਿਭਾਅ ਚੁੱਕੇ ਇੰਦਰਜੀਤ ਸਿੰਘ ਲੁਗਾਣਾ ਜੋ ਕਿ ਬੀਤੇ ਮਹੀਨੇ 18 ਦਸੰਬਰ ਨੂੰ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬਿਰਾਜ ਗਏ ਸਨ। 28 ਜਨਵਰੀ ਨੂੰ ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਨਬੋਨੀ ਫਾਚੋ (ਵੈਰੋਨਾ) ਵਿਖੇ ਉਨ੍ਹਾਂ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਇਲਾਹੀ ਬਾਣੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ।
ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਵਲੋਂ ਰਸਭਿੰਨਾ ਵੈਰਾਗਮਈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਇਟਲੀ ਦੀਆਂ ਧਾਰਮਿਕ, ਰਾਜਨੀਤਕ, ਸਮਾਜ਼ ਸੇਵੀ ਸੰਸਥਾਵਾਂ ਵਲੋਂ ਇੰਦਰਜੀਤ ਸਿੰਘ ਲੁਗਾਣਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਧਾਰਮਿਕ,ਖੇਡ ਕਲੱਬਾਂ, ਰਾਜਨੀਤਿਕ, ਸਮਾਜ ਸੇਵੀ ਆਗੂਆਂ ਨੇ ਕਿਹਾ ਕਿ, ਇੰਦਰਜੀਤ ਸਿੰਘ ਲੁਗਾਣਾ ਜਿੱਥੇ ਇੱਕ ਬੇਦਾਗ਼ ਸ਼ਖਸੀਅਤ ਦੇ ਮਾਲਕ ਅਤੇ ਨਿਰਪੱਖ ਪੱਤਰਕਾਰ ਸਨ, ਉਥੇ ਦੂਜੇ ਪਾਸੇ ਇਟਲੀ ਦੀ ਪੰਜਾਬੀ ਪੱਤਰਕਾਰੀ ਨੇ ਬੇਸ਼ੁਮਾਰ ਕੀਮਤੀ ਹੀਰਾ ਗੁਆ ਲਿਆ ਹੈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਇੰਦਰਜੀਤ ਸਿੰਘ ਲੁਗਾਣਾ ਦੇ ਪੈਰ ‘ਤੇ ਕੰਮ ਦੌਰਾਨ ਮਮੂਲੀ ਸੱਟ ਲੱਗ ਗਈ ਸੀ ਅਤੇ ਜਿਸ ਕਾਰਨ ਇਨਫੈਕਸ਼ਨ ਫੈਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ ਦਾ ਹੋਇਆ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ
