ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਬੀਤੇ ਦਿਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਯਤਨ ਦੌਰਾਨ ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਵਿਚ ਸਵਾਰ 34 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੁਣ ਤੱਕ 5 ਲਾਸ਼ਾਂ ਬਰਾਮਦ ਹੋਈਆਂ ਹਨ। ਐਟਲਾਂਟਿਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਸਟ ਗਾਰਡ ਟੀਮ ਨੂੰ ਹੁਣ ਤੱਕ 5 ਲਾਸ਼ਾਂ ਮਿਲ ਚੁੱਕੀਆਂ ਹਨ ਤੇ ਇਕ ਵਿਅਕਤੀ ਜੋ ਕਿਸੇ ਤਰਾਂ ਉਲਟੀ ਕਿਸ਼ਤੀ ਦੇ ਉਪਰ ਚੜ੍ਹ ਗਿਆ ਸੀ, ਨੂੰ ਬਚਾਅ ਲਿਆ ਗਿਆ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੋਸਟ ਗਾਰਡ ਕੈਪਟਨ ਜੋ -ਐਨ ਬਰਡੀਅਨ ਨੇ ਕਿਹਾ ਕਿ, ਸ਼ਾਮ ਹੁੰਦਿਆਂ ਹੀ ਤਲਾਸ਼ੀ ਕਾਰਵਾਈ ਬੰਦ ਕਰਨੀ ਪੈਂਦੀ ਹੈ। ਕਿਸ਼ਤੀ ਵਿਚ ਕੁਲ 40 ਵਿਅਕਤੀ ਸਵਾਰ ਸਨ ਜਿਨ੍ਹਾਂ ਕੋਲ ਜੀਵਨ ਜੈਕਟਾਂ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਤਲਾਸ਼ੀ ਕਾਰਵਾਈ ਜਾਰੀ ਹੈ ਪਰੰਤੂ ਕਿਸੇ ਦੇ ਵੀ ਜੀਂਦਾ ਮਿਲਣ ਦੀ ਸੰਭਾਵਨਾ ਨਜਰ ਨਹੀਂ ਆ ਰਹੀ।