ਮਿਲਾਨ (ਇਟਲੀ) (ਦਲਜੀਤ ਮੱਕੜ, ਗੁਰਸ਼ਰਨ ਸਿੰਘ ਸੋਨੀ) – ਵਿਸ਼ਵ ਪ੍ਰਸਿੱਧ ਗਾਇਕ ਰਣਜੀਤ ਬਾਵਾ ਨੇ ਆਪਣੀ ਸੁਰੀਲੀ ਅਵਾਜ ਦੇ ਜਰੀਏ ਪੂਰੀ ਦੁਨੀਆ ਵਿੱਚ ਨਾਮਣਾ ਖੱਟਿਆ ਹੈ। ਉਹਨਾਂ ਅਨੇਕਾਂ ਹੀ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਇਨ੍ਹੀਂ ਦਿਨੀਂ ਰਣਜੀਤ ਬਾਵਾ ਯੂਰਪ ਟੂਰ ‘ਤੇ ਹਨ। ਜਿੱਥੇ ਯੂਰਪ ਦੇ ਵੱਖ ਵੱਖ ਸ਼ਹਿਰਾਂ ਵਿੱਚ ਉਹ ਲਾਈਵ ਸ਼ੋਅ ਲਗਾ ਰਹੇ ਹਨ, ਉੱਥੇ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਵੀ ਰਣਜੀਤ ਬਾਵਾ ਦਾ ਸ਼ੋਅ ਕਰਵਾਇਆ ਗਿਆ। ਇਹ ਸ਼ੋਅ ਦੀਪ ਝੱਜ ਦੁਆਰਾ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਿੱਸਾ ਲਿਆ। ਸ਼ੋਅ ਦੀ ਸ਼ੁਰੂਆਤ ਵਿੱਚ ਐਂਕਰ ਮਨਦੀਪ ਸੈਣੀ ਦੇ ਸੱਦੇ ‘ਤੇ ਸਿੱਧੂ ਮੁੱਸੇ ਵਾਲੇ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ।
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸ਼ੌਅ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ। ਉਸ ਤੋਂ ਬਾਅਦ ਉਨ੍ਹਾਂ ਇੱਕ ਤੋਂ ਬਾਅਦ ਇੱਕ ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਲਗਾਤਾਰ ਗੀਤਾਂ ਦਾ ਸਿਲਸਿਲਾ ਚੱਲਦਾ ਰਿਹਾ, ਮਿਰਜਾ ਵਾਲਾ ਗੀਤ ਵੱਜਦਿਆਂ ਹੀ ਸਾਰੇ ਹੀ ਹਾਲ ਵਿੱਚ ਬੈਠੇ ਪੰਜਾਬੀ ਨੱਚਣ ਤੋਂ ਬਿਨ੍ਹਾਂ ਨਾ ਰਹਿ ਸਕੇ, ਸਟੇਜ ਪਰਫਾਰਮੈਂਸ ਬਹੁਤ ਹੀ ਵਧੀਆ ਸੀ। ਪੰਜਾਬੀ ਭੰਗੜਾ ਬੁਆਇਜ ਐਂਡ ਗਰਲਜ ਗਰੁੱਪ ਦੇ ਗੱਭਰੂ ਅਤੇ ਵਿਦੇਸ਼ੀ ਮੁਟਿਆਰਾਂ ਨੇ ਭੰਗੜੇ ਦੇ ਵੱਖ ਵੱਖ ਸਟੈਪ ਨਾਲ ਦਰਸ਼ਕਾਂ ਨੂੰ ਕੀਲ ਲਿਆ। ਰਣਜੀਤ ਬਾਵਾ ਦੁਆਰਾ ਗਾਏ ਵੱਖ ਵੱਖ ਗੀਤਾਂ ਤੇ ਨੌਜਵਾਨਾਂ ਨੇ ਖੂਬ ਭੰਗੜਾ ਪਾਇਆ। ‘ਰੋਟੀ ਖਾਧੀ ਕਿ ਨਈ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ’ ਨਾਲ ਹਾਲ ‘ਚ ਬੈਠੇ ਦਰਸ਼ਕਾ ਨੂੰ ਭਾਵਨਾਤਮਕ ਕੀਤਾ।
ਇਸ ਮੌਕੇ ਰੀਗਲ ਰਿਸੋਰਟ ਵੱਲੋਂ ਲਖਵਿੰਦਰ ਸਿੰਘ ਡੋਗਰਾਂਵਾਲ,ਜਸਵੀਰ ਸਿੰਘ ਡੋਗਰਾਵਾਲ, ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਬਲਬੀਰ ਸਿੰਘ, ਅਮਰਜੀਤ ਸਿੰਘ ਰਾਏਪੁਰ, ਸ਼ਿੰਦਾ ਕਸਤੇਨੇਦਲੋ, ਰਿੰਕੂ ਸੈਣੀ, ਮਨਜੀਤ ਸਿੰਘ (ਮਨਜੀਤ ਪੈਂਤੇਤੇ), ਪੰਜਾਬ ਟਰੈਵਲਜ ਦੇ ਮਨਿੰਦਰ ਸਿੰਘ, ਗੁਰਿੰਦਰ ਸਿੰਘ, ਹਰਵਿੰਦਰ ਸਿੰਘ ਧਾਲੀਵਾਲ ‘ਰੀਆ ਮਨੀ ਟਰਾਂਸਫਰ’ ਏਸ਼ੀਆ ਹੈੱਡ, ਹਰਕੀਰਤ ਇੰਟਰਪ੍ਰਾਇਜ ਦੇ ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਨਿਲ ਕੁਮਾਰ, ਸੰਜੀਵ ਕੁਮਾਰ, ਲੱਕੀ ਕਸਤੀਲਿਉਨੇ, ਜੀਤਾ ਕਰੇਮੋਨਾ, ਹੈਪੀ ਗਾਂਬਰਾਂ, ਕਮਲ ਮਾਨਤੋਵਾ, ਜਾਫੀ ਬੂਰੇ ਜੱਟਾਂ, ਜੱਸੀ ਧੀਮਾਨ, ਕਮਲ ਪਬਲਾ, ਗਾਇਕ ਰਾਵੀ ਚੀਮਾ ਅਤੇ ਹੋਰਨਾਂ ਆਦਿ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਬਰੇਸ਼ੀਆ ਕਮੂਨੇ ਤੋਂ ਸਲਾਹਕਾਰ ਵੱਜੋਂ ਚੋਣ ਲੜ ਰਹੇ ਸਰਬਜੀਤ ਸਿੰਘ ਕਮਲ ਮੁਲਤਾਨੀ, ਅਕਾਸ਼ਦੀਪ ਸਿੰਘ ਨੇ ਵੋਟ ਪਾਉਣ ਦੀ ਅਪੀਲ ਕੀਤੀ। ਰਣਜੀਤ ਬਾਵਾ ਦੇ ਹਰ ਗੀਤ ਦਾ ਪੰਜਾਬੀਆ ਨੇ ਰੱਜ ਕੇ ਆਨੰਦ ਮਾਣਿਆ, ਕੁਲ ਮਿਲਾ ਕੇ ਇਹ ਪ੍ਰੋਗਰਾਮ ਵਧੀਆ ਰਿਹਾ ਅਤੇ ਅਮਨ ਅਮਾਨ ਨਾਲ ਸੰਪੰਨ ਹੋ ਗਿਆ।