
ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਇਕ ਸੜਕ ਦਾ ਨਾਂ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਸੜਕ ‘ਤੇ ਲੱਗੇ ਨਵੇਂ ਸਾਈਨ ਬੋਰਡ ਦੇ ਉਦਘਾਟਨ ਲਈ ਇਕ ਸਮਾਗਮ ਕਰਵਾਇਆ ਗਿਆ। ਸਥਾਨਕ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਇਹ ਪਹਿਲ ਕੀਤੀ ਗਈ ਹੈ।
ਸਾਈਨ ਬੋਰਡ ਦੇ ਉਦਘਾਟਨ ਸਮਾਗਮ, ਜਿਸ ਤੇ ‘ਗੁਰੂ ਨਾਨਕ ਸੈਂਟ’ ਲਿਖਿਆ ਹੋਇਆ ਹੈ, ‘ਚ ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਥਾਨਕ ਪੁਲਿਸ ਅਧਿਕਾਰੀ ਤੇ ਵੱਡੀ ਗਿਣਤੀ ‘ਚ ਸਿੱਖਾਂ ਨੇ ਸ਼ਿਰਕਤ ਕੀਤੀ। ਢਿੱਲੋਂ ਨੇ ਦੱਸਿਆ ਕਿ ਲਗਭਗ 550 ਮੀਟਰ (ਵਾਰਡ 9 ਅਤੇ 10 ਅਧੀਨ) ਲੰਬੀ ਸੜਕ ਦਾ ਨਾਮ ਪਹਿਲਾਂ ਬਰੈਂਪਟਨ ਦੇ ਸਾਬਕਾ ਮੇਅਰ ਪੀਟਰ ਰੌਬਰਟਸਨ ਦੇ ਨਾਂ ਤੇ ਰੱਖਿਆ ਗਿਆ ਸੀ। 550ਵਾਂ ਗੁਰਪੁਰਬ ਮਨਾਉਣ ਲਈ ਇਸ ਸੜਕ ਦੇ ਇਕ ਹਿੱਸੇ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੀਜ਼ਨ ਆਫ਼ ਪੀਲਜ਼ ਸਟ੍ਰੀਟ ਨੋਮਿੰਗ ਕਮੇਟੀ ਵਲੋਂ ਬਕਾਇਦਾ ਮਨਜ਼ੂਰੀ ਮਿਲਣ ‘ਤੇ ਇਕ ਪ੍ਰਕਿਰਿਆ ਤਹਿਤ ਇਸ ਸੜਕ ਦਾ ਨਾਂ ਬਦਲਿਆ ਗਿਆ। ਸਿੱਖ ਧਰਮ ਵਿਚ 5 ਅਤੇ 13 ਦੀ ਮਹੱਤਤਾ ਅਨੁਸਾਰ ਗੁਰਦੁਆਰਾ ਸਾਹਿਬ ਦਾ ਐਡਰੈਸ ਵੀ 585 ਪੀਟਰ-ਰੌਬਰਟਸਨ ਤੋਂ ਬਦਲ ਕੇ ’13 ਗੁਰੂ ਨਾਨਕ ਸਟਰੀਟ’ ਰੱਖਿਆ ਗਿਆ ਹੈ।