ਬਰੇਸ਼ੀਆ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਫੈਡਰੇਸ਼ਨ ਕ੍ਰਿਕਟ ਇਤਾਲੀਆ ਨੇ ਬਲਜੀਤ ਸਿੰਘ ਨੂੰ ਯੂਰਪੀਅਨ ਕ੍ਰਿਕਟ ਚੈਂਪੀਅਨਸ਼ਿਪ ਲਈ ਇਟਲੀ ਦੀ ਕ੍ਰਿਕਟ ਟੀਮ ਦਾ ਕੈਪਟਨ ਚੁਣਿਆ। ਜੋ ਅਗਲੇ ਮਹੀਨੇ ਯੂਰਪੀਅਨ ਦੇਸ਼ ਸਪੇਨ ਵਿਚ ਹੋਣ ਜਾ ਰਹੀ ਕ੍ਰਿਕਟ ਚੈਂਪੀਅਨਸ਼ਿਪ ਲਈ ਆਪਣੀ ਟੀਮ ਦੀ ਅਗਵਾਈ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਬਲਜੀਤ ਸਿੰਘ ਲਾਲੀ ਨੇ ਦੱਸਿਆ ਕਿ, ਕ੍ਰਿਕਟ ਖੇਡਣ ਦਾ ਸ਼ੌਕ ਛੋਟੇ ਹੁੰਦੇ ਤੋਂ ਸੀ, ਪਰ 2007 ਵਿੱਚ ਉਹ ਇਟਲੀ ਆ ਗਿਆ ਅਤੇ ਆਪਣੇ ਸ਼ੌਕ ਨੂੰ ਬਰਕਰਾਰ ਰੱਖਦੇ ਹੋਏ ਇਟਲੀ ਦੀਆਂ ਕਈ ਕ੍ਰਿਕਟ ਕਲੱਬਾਂ ਵਿਚ ਖੇਡ ਕੇ ਇਟਲੀ ਦੀ ਨੈਸ਼ਨਲ ਟੀਮ ਵਿੱਚ ਬਤੌਰ ਪਲੇਅਰ ਭਰਤੀ ਹੋਇਆ ਅਤੇ ਪਿਛਲੇ ਲੰਮੇ ਸਮੇਂ ਤੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਉਸ ਨੂੰ ਫੈਡਰੇਸ਼ਨ ਕ੍ਰਿਕਟ ਇਤਾਲੀਆ ਵੱਲੋਂ ਇਟਲੀ ਦੀ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ।
ਬਲਜੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਦਾ ਹੈ. ਉਸ ਦੇ ਪਿਤਾ ਦਾ ਨਾਂ ਸਰਦਾਰ ਜਸਬੀਰ ਸਿੰਘ ਹੈ. ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਬਲਜੀਤ ਸਿੰਘ ਨੂੰ ਇਟਲੀ ਦੀ ਨੈਸ਼ਨਲ ਕ੍ਰਿਕਟ ਟੀਮ ਦਾ ਕੈਪਟਨ ਨਿਯੁਕਤ ਕੀਤਾ ਗਿਆ ਹੈ.