ਰੋਮ (ਇਟਲੀ) (ਕੈਂਥ, ਭੌਰਾ) – ਭਾਰਤ ਦੇ ਅਣਗੌਲੇ ਸਮਾਜ ਨੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ ਸਿਰਫ਼ 75 ਸਾਲਾਂ ਦੌਰਾਨ ਹਵਾਈ ਜਹਾਜਾਂ ਵਿੱਚ ਸਫ਼ਰ ਕਰਨਾ ਸ਼ੁਰੂ ਹੀ ਨਹੀਂ ਕੀਤਾ, ਸਗੋਂ ਹਵਾਈ ਜਹਾਜਾਂ ਨੂੰ ਉਡਾਣ ਦਾ ਰੁੱਤਬਾ ਵੀ ਪ੍ਰਾਪਤ ਹੋਇਆ ਹੈ. ਜਦੋਂ ਕਿ ਭਾਰਤੀ ਸਮਾਜ ਵਿੱਚ ਪਿਛਲੇ 1500 ਸਾਲਾਂ ਤੋਂ ਮਨੂੰਸਮਰਿਤੀ ਕਾਬਜ ਸੀ, ਜਿਸ ਨੇ ਦਲਿਤਾਂ ਤੇ ਜਾਨਵਰਾਂ ਨੂੰ ਇੱਕ ਸਮਾਨ ਹੀ ਸਮਝਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਰਤਨ ਅੰਬੇਦਕਰ ਪੜਪੋਤਾ ਬਾਬਾ ਸਾਹਿਬ ਅੰਬੇਦਕਰ ਨੇ ਯੂਰਪ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ ਆਰ ਅੰਬੇਦਕਰ ਵੇਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਨੇ ਭਾਰਤ ਦੇ ਪਛਾੜੇ ਸਮਾਜ ਭਾਰਤ ਤੇ ਮੂਲ ਨਿਵਾਸੀਆਂ ਦੀ ਜੂਨ ਸੁਧਾਰਨ ਵਾਲੇ ਮਹਾਨ ਯੁੱਗ ਪੁਰਸ਼ ਵਿਸ਼ਵ ਰਤਨ ਡਾ: ਅੰਬੇਦਕਰ ਸਾਹਿਬ ਤੇ ਭਾਰਤੀ ਸਿਆਸਤ ਦੇ ਅੰਕੜੇ ਬਦਲਣ ਵਾਲੇ ਮਹਾਨ ਸਿਆਸਤਦਾਨ ਤੇ ਪਿਤਾਮਾ ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਇਹਨਾਂ ਦੋਨਾਂ ਮਸੀਹਿਆਂ ਨੂੰ ਸਮਰਪਿਤ ਹੋਏ ਵਿਸ਼ਾਲ ਸਮਾਗਮ ਦੌਰਾਨ ਇਟਲੀ ਦੇ ਏਮਿਲਿਆ ਰੋਮਾਨਾ ਸੂਬੇ ਦੇ ਜ਼ਿਲ੍ਹਾ ਰੇਜੋਏਮੀਲੀਆ ਦੇ ਸ਼ਹਿਰ ਕਰੇਜੋ ਵਿਖੇ ਹਾਜ਼ਰੀਨ ਵਿਸ਼ਾਲ ਭਾਰਤੀ ਇਕੱਠ ਨਾਲ ਕੀਤਾ।
ਇਟਲੀ ਦੇ ਸਮੂਹ ਅੰਬੇਡਕਰੀ ਸਾਥੀਆਂ ਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਰਤਨ ਅੰਬੇਦਕਰ ਸਾਹਿਬ ਨੇ ਕਿਹਾ ਕਿ, ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਭਾਰਤ ਦੇ ਲਿਖੇ ਸੰਵਿਧਾਨ ਦੀ ਤਾਕਤ ਨਾਲ ਹੀ ਭਾਰਤੀ ਨਾਰੀ ਨੂੰ ਸਤੀ ਪ੍ਰਥਾ ਤੋਂ ਪੂਰਨ ਮੁਕਤੀ ਮਿਲ ਸਕੀ ਤੇ ਇਸ ਦੀ ਬਦੌਲਤ ਹੀ ਔਰਤ ਨੂੰ ਸੰਪੂਰਨ ਰੂਪ ਵਿੱਚ ਆਪਣਾ ਸਰੀਰ ਢੱਕਣ ਦਾ ਅਧਿਕਾਰ ਮਿਲਿਆ। ਮਨੂੰ ਸਮਰਿਤੀ ਦਾ ਕਾਨੂੰਨ ਮਹਾਂਭਾਰਤ ਵਿੱਚ ਦਰੋਪਤੀ ਨੂੰ ਨਿਰਵਸਤਰ ਕਰਵਾਉਂਦਾ ਹੈ ਤੇ ਸਾਡੇ ਬਾਬਾ ਸਾਹਿਬ ਦਾ ਕਾਨੂੰਨ ਦਰੋਪਤੀ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਸਿੰਘਾਸਨ ਉੱਪਰ ਬਿਠਾਉਂਦਾ ਹੈ, ਹੁਣ ਇਸ ਤੋਂ ਵੱਡਾ ਤਰਕ ਕੀ ਕੀਤਾ ਜਾਵੇ ਕਿ ਬਾਬਾ ਸਾਹਿਬ ਦਾ ਮਿਸ਼ਨ ਕੀ ਹੈ। ਸਮਾਜ ਵਿੱਚ ਹਰ ਇਨਸਾਨ ਨੂੰ ਬਰਾਬਰਤਾ ਦਾ ਹੱਕ, ਸਤਿਕਾਰ ਤੇ ਅਧਿਕਾਰ ਦੁਆਉਣ ਲਈ ਬਾਬਾ ਸਾਹਿਬ ਨੇ ਸਾਰੀ ਜਿੰਦਗੀ ਭਾਰਤ ਦੇ ਅਣਗੌਲੇ ਸਮਾਜ ਨੂੰ ਉੱਚਾ ਚੁੱਕਣ ਲਈ ਲੰਘਾ ਦਿੱਤਾ। ਅਜਿਹੇ ਵਿਸ਼ਵ ਰਤਨ ਦੇ ਮਿਸ਼ਨ ਨੂੰ ਉਹਨਾਂ ਤੋਂ ਬਾਅਦ ਜੇਕਰ ਕਿਸੇ ਨੇ ਅਮਲੀ ਜਾਮਾ ਪਹਿਨਾ ਕੇ ਸਮਾਜ ਨੂੰ ਜਾਗਰੂਕ ਕੀਤਾ ਹੈ ਤਾਂ ਉਹ ਹੈ ਮਾਨਿਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ, ਜਿਹਨਾਂ ਆਪਣਾ ਆਖ਼ਰੀ ਸਾਹ ਵੀ ਮਿਸ਼ਨ ਦੇ ਲੇਖੇ ਲਗਾਇਆ। ਉਹਨਾਂ ਦੀ ਬਦੌਲਤ ਹੀ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਿੰਘਾਸਨ ਉੱਪਰ ਦਲਿਤ ਸਮਾਜ ਦੀ ਔਰਤ 4 ਵਾਰ ਬਿਰਾਜਮਾਨ ਹੋਈ ਹੈ.
ਇਸ ਮੌਕੇ ਮਿਸ਼ਨਰੀ ਗਾਇਕ ਪੰਮਾ ਲਧਾਣਾ ਤੇ ਸੋਢੀ ਮੱਲ ਤੋਂ ਇਲਾਵਾ ਹੋਰ ਅੰਬੇਦਕਰੀ ਗਾਇਕਾਂ ਨੇ ਵੀ ਆਪਣੀ ਦਮਦਾਰ ਤੇ ਸੁਰੀਲੀ ਆਵਾਜ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਕੈਲਾਸ਼ ਬੰਗੜ, ਗਿਆਨ ਚੰਦ ਸੂਦ, ਸਰਬਜੀਤ ਵਿਰਕ, ਅਜਮੇਰ ਕਲੇਰ, ਰੂਪ ਲਾਲ ਸੀਮਕ ਤੇ ਕਸ਼ਮੀਰ ਮਹਿਮੀ, ਦੇਸ ਰਾਜ, ਜੀਤ ਰਾਮ, ਸ਼ਾਮ ਲਾਲ ਟੂਰਾ, ਸੁਖਵਿੰਦਰ ਸੁੱਖੀ, ਸੁਖਵਿੰਦਰ ਕੁਮਾਰ ਰੋਮ, ਰਾਮ ਕਿਸ਼ਨ, ਰਮੇਸ਼ ਕੁਮਾਰ, ਸੁਰੇਸ਼ ਹਰਿਆਣਾ, ਅਸ਼ਵਨੀ ਦਾਤਰ ਤੇ ਬੱਬੂ ਜਲੰਧਰੀ ਆਦਿ ਨੇ ਅਹਿਮ ਭੂਮਿਕਾ ਨਿਭਾਈ। ਪ੍ਰਬੰਧਕਾਂ ਵੱਲੋਂ ਰਾਜ ਰਤਨ ਅੰਬੇਦਕਰ ਤੇ ਹੋਰ ਅੰਬੇਦਕਰੀ ਸਾਥੀਆਂ ਦਾ ਬਾਬਾ ਸਾਹਿਬ ਦੀ ਤਸਵੀਰ ਨਾਲ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ।
