ਰੋਮ (ਇਟਲੀ) (ਦਲਵੀਰ ਕੈਂਥ) – ਰੂਸ ਅਤੇ ਯੂਕਰੇਨ ਦਰਮਿਆਨ ਚਲ ਰਹੇ ਵਿਨਾਸ਼ਕ ਯੁੱਧ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਜਿਥੇ ਦੁਨੀਆਂ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ, ਉਥੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਵਲੋਂ ਵੀ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਵਤਾ ਤੇ ਹੋ ਰਹੇ ਘਾਣ ਯੁੱਧ ਦੀ ਮਾਰ ਝੱਲ ਰਹੇ ਯੂਕਰੇਨ ਦੇ ਸ਼ਰਨਾਰਥੀਆਂ ਦੀ ਮਦਦ ਲਈ ਬਹੁਤ ਵੱਡੇ ਪੱਧਰ ਤੇ ਉਪਰਾਲਾ ਕੀਤਾ ਗਿਆ। ਬੇਗ਼ਮਪੁਰਾ ਏਡ ਦੀ 19 ਮਾਰਚ ਨੁੰ ਪਹਿਲੀ ਵਰੇਗੰਢ ਸੀ, ਜਿਸ ਨੂੰ ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਗਿਆ।
ਜਿਕਰਯੋਗ ਹੈ ਕਿ ਬੇਗ਼ਮਪੁਰਾ ਏਡ ਵਲੋਂ ਪਿਛਲੇ ਇਕ ਸਾਲ ਤੋਂ ਮਾਨਵਤਾ ਦੀ ਭਲਾਈ ਵਾਸਤੇ ਭਾਰਤ ਵਿੱਚ ਬਹੁਤ ਸਾਰੇ ਕਾਰਜ ਚਲ ਰਹੇ ਹਨ। ਜਿਸ ਵਿੱਚ ਸਮੇਂ ਸਮੇਂ ਤੇ ਵਿਕਲਾਂਗ ਲੋਕਾਂ ਦੀ ਮਦਦ ਲਈ ਵ੍ਹੀਲ ਚੇਅਰ, ਟਰਾਈਸਾਈਕਲ, ਸਿਹਤ ਦੇ ਇਲਾਜ ਵਾਸਤੇ ਕਈ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ ਜਾ ਚੁੱਕੀ ਹੈ। ਸਿੱਖਿਆ ਦੇ ਲਈ ਬੱਚਿਆਂ ਦੀ ਪੜਾਈ ਵਾਸਤੇ ਬਹੁਤ ਸਾਰੇ ਕਾਰਜ ਨਿਰੰਤਰ ਜਾਰੀ ਹਨ.
ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦਾ ਮਨੋਰਥ ਮਨੁੱਖਤਾ ਦੀ ਭਲਾਈ ਵਾਸਤੇ ਕਾਰਜ ਕਰਨਾ ਹੈ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ‘ਤੇ ਹੋਵੇ, ਕਿਸੇ ਵੀ ਧਰਮ ਦਾ ਹੋਵੇ।
ਬੇਗ਼ਮਪੁਰਾ ਏਡ ਫਰਾਂਸ ਦੀ ਪ੍ਰਬੰਧਕੀ ਟੀਮ ਵਲੋਂ ਨਿਰਣਾ ਕੀਤਾ ਗਿਆ ਯੂਕਰੇਨ ਦੇ ਬਾਰਡਰ ਤੇ ਜਾ ਕੇ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ। ਰਾਮ ਸਿੰਘ ਮੈਹੰਗੜਾ ਦੀ ਅਗਵਾਈ ਵਿੱਚ ਉਨਾਂ ਦੇ ਨਾਲ ਪਰਮਿੰਦਰ ਸਿੰਘ ਅਤੇ ਅਮਰਜੀਤ ਕੈਲੇ ਤਿੰਨ ਮੈਂਬਰੀ ਟੀਮ ਪੈਰਿਸ ਤੋਂ ਪੋਲੈਂਡ ਦੀ ਰਾਜਧਾਨੀ ਵਾਰਸਾ ਪੁੱਜੀ। ਪੋਲੈਂਡ ਪੁੱਜਣ ਤੇ ਬਲਦੇਵ ਸਿੰਘ ਅਤੇ ਸੰਨੀ ਵਲੋਂ ਟੀਮ ਨਾਲ ਬਹੁਤ ਸਹਿਯੋਗ ਕੀਤਾ ਗਿਆ। ਯੂਕਰੇਨ ਬਾਰਡਰ ਤੇ ਜੋ ਸਮਾਨ ਖਾਣ ਪੀਣ, ਕਪੜੇ, ਬੂਟ ਖਾਸ ਤੌਰ ਤੇ ਛੋਟੇ ਬੱਚਿਆਂ ਲਈ ਲੌੜੀਂਦਾ ਸਮਾਨ ਇਥੋਂ ਖਰੀਦਿਆ ਗਿਆ।
ਬੇਗ਼ਮਪੁਰਾ ਏਡ ਇਨਟਰਨੈਸ਼ਨਲ ਦੀ ਟੀਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ, ਜਦੋਂ ਉਹਨਾਂ ਦੀ ਟੀਮ ਉੱਥੇ ਪਹੁੰਚੀ ਤਾਂ ਯੂਕਰੇਨ ਦੇ ਬਾਰਡਰ ‘ਤੇ ਬਹੁਤ ਗਮਗੀਨ ਮਾਹੌਲ ਸੀ ਅਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੇ ਚਿਹਰਿਆਂ ‘ਤੇ ਉਦਾਸੀ ਅਤੇ ਬੇਬਸੀ ਸਾਫ ਨਜਰ ਆ ਰਹੀ ਸੀ। ਸ਼ਰਨਾਰਥੀ ਕੈਂਪ ਦੀ ਜਾਣਕਾਰੀ ਲੈਣ ਤੋਂ ਬਾਅਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਮਾਨ ਦਿੱਤਾ ਗਿਆ।
ਟੀਮ ਨੇ ਅੱਗੇ ਦੱਸਿਆ ਕਿ, ਆਉਣ ਵਾਲੇ ਸਮੇਂ ਵਿੱਚ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮਦਦ ਲਈ ਬੇਗ਼ਮਪੁਰਾ ਏਡ ਇਨਟਰਨੈਸ਼ਨਲ ਦੀ ਟੀਮ ਕਾਰਜ ਕਰਦੀ ਰਹੇਗੀ।