ਰੋਮ (ਇਟਲੀ) (ਕੈਂਥ, ਟੇਕ ਚੰਦ) – ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਰੈਣ ਬਸੇਰਾ ਕਰਦੇ ਪੰਜਾਬੀ ਭਾਰਤੀ ਬੱਚਿਆਂ ਨੂੰ ਆਪਣੇ ਮਹਾਨ ਤੇ ਵਿਲੱਖਣ ਸਿੱਖ ਧਰਮ ਨਾਲ ਜੁੜੇ ਰਹਿਣ ਅਤੇ ਲਾਸਾਨੀ ਇਤਿਹਾਸ ਸਮਝਾਉਣ ਤਹਿਤ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਕਲਤੂਰਾ ਸਿੱਖ ਇਟਲੀ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਅਤੇ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ 16 ਜੁਲਾਈ 2023 ਦਿਨ ਐਤਵਾਰ ਨੂੰ ਕਰਵਾਏ ਜਾਣਗੇ।
ਇਹ ਮੁਕਾਬਲੇ ਪੇਪਰ ਸ਼ੀਟ ‘ਤੇ ਕਰਵਾਏ ਜਾਣਗੇ। ਜਿਸ ਦਾ ਸਮਾਂ 40 ਮਿੰਟ ਹੋਵੇਗਾ। ਇਹ ਮੁਕਾਬਲੇ ਵੱਖ ਵੱਖ ਉਮਰ ਦੇ ਚਾਰ ਭਾਗਾਂ ਵਿੱਚ ਕਰਵਾਏ ਜਾਣਗੇ। ਪਹਿਲਾ ਗਰੁੱਪ A (5 ਸਾਲ ਤੋਂ 8 ਸਾਲ ਤੱਕ), B (8 ਸਾਲ ਤੋਂ 11 ਸਾਲ ਤੱਕ), C (11 ਸਾਲ ਤੋਂ 14 ਸਾਲ ਤੱਕ), D (14 ਸਾਲ ਤੋਂ ਉੱਪਰ ਹਰ ਉਮਰ ਵਾਲਾ ਪੇਪਰ ਦੇ ਸਕਦਾ ਹੈ। ) ਇਸ ਮੁਕਾਬਲੇ ‘ਚ ਭਾਗ ਲੈਣ ਲਈ ਸਵਾਲ ਵੈਬਸਾਈਟ http://www.culturasikh.com ‘ਤੇ ਉਪਲੱਬਧ ਹਨ।
ਇਸ ਦਿਹਾੜੇ ਤੇ ਗੁਰਲਾਗੋ ਦੀਆਂ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣਗੇ। ਇਸ ਮਹਾਨ ਦਿਹਾੜੇ ‘ਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਗੁਰ ਇਤਿਹਾਸ ਸਰਵਣ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਸਮੂਹ ਸੰਗਤਾਂ, ਪ੍ਰਬੰਧਕ ਕਮੇਟੀਆਂ ਅਤੇ ਗਤਕਾ ਅਕੈਡਮੀਆਂ ਵੱਧ ਤੋਂ ਵੱਧ ਬੱਚਿਆਂ ਦੀ ਤਿਆਰੀ ਕਰਵਾ ਕੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚਣ।
ਇਸ ਮਹਾਨ ਕਾਰਜ ਨੂੰ ਨੇਪਰੇ ਚਾੜਨ ਲਈ ਸੇਵਾ ਨਿਭਾਅ ਰਹੇ ਭਾਈ ਕੁਲਵੰਤ ਸਿੰਘ, ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਗੁਰਦੇਵ ਸਿੰਘ, ਸੰਤੋਖ ਸਿੰਘ, ਤਰਲੋਚਨ ਸਿੰਘ, ਤਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਲਾਗੋ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਨੇ ਅਪੀਲ ਕਰਦਿਆਂ ਕਿਹਾ ਕਿ, ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਤੇ ਇਸ ਸਮਾਗਮ ਦਾ ਲਾਈਵ ਕਲਤੂਰਾ ਸਿੱਖ ਟੀ ਵੀ ‘ਤੇ ਦਿਖਾਇਆ ਜਾਏਗਾ।