ਬਰੇਸ਼ੀਆ- (ਸਵਰਨਜੀਤ ਸਿੰਘ ਘੋਤੜਾ)- ਇਟਲੀ ਦੇ ਸ਼ਹਿਰ ਬੋਲਜਾਨੋ ਵਿਖੇ ਪੰਜਾਬੀ ਪ੍ਰੀਵਾਰ ਦੀ ਲੜਕੀ ਮਨਦੀਪ ਕੌਰ ਨੇ ਇਟਲੀ ਵਿਚ ਪਹਿਲੀ ਪੰਜਾਬਣ ਬੱਸ ਡਰਾਇਵਰ ਬਣ ਕੇ ਇਤਿਹਾਸ ਰੱਚ ਦਿੱਤਾ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੌਰ ਸਪੁੱਤਰੀ ਮਹਿੰਦਰ ਸਿੰਘ ਮਾਤਾ ਕੁਲਵਿੰਦਰ ਕੌਰ ਜੋ ਕਿ ਪੰਜਾਬ ਦੇ ਜਿਲਾ ਹੁਸ਼ਿਆਰ ਦੇ ਕਸਬੇ ਟਾਂਡਾ ਰਾਮ ਸਹਾਏ ਤੋਂ ਹਨ, ਤੇ ਇਟਲੀ ਵਿਚ ਕਾਫੀ ਸਾਲਾਂ ਤੋ ਰਹਿ ਰਹੇ ਹਨ, ਹੋਣਹਾਰ ਬੱਚੇ ਮਾਂ-ਬਾਪ ਦਾ ਜਿਥੇ ਨਾਮ ਰੋਸ਼ਨ ਕਰਦੇ ਹਨ, ਉਸਦੇ ਨਾਲ ਹੀ ਆਪਣੀ ਕੌਮ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ, ਇਟਲੀ ਵਿਚ ਪਹਿਲੀ ਵਾਰ ਕਿਸੇ ਪੰਜਾਬਣ ਲੜਕੀ ਨੂੰ ਬੱਸ ਚਾਲਕ ਦਾ ਕੰਮ ਮਿਲਿਆ ਹੈ, ਜੋ ਕਿ ਪ੍ਰੀਵਾਰ ਲਈ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ, ਪਹਿਲਾਂ ਪਹਿਲ ਇੰਗਲੈਂਡ ਜਾਂ ਕੈਨੇਡਾ ਵਿਚ ਅਜਿਹੇ ਕਾਰੋਬਾਰ ਵਿਚ ਲੋਕ ਜੁੜੇ ਸਨ ਤੇ ਹੁਣ ਇਟਲੀ ਵਿਚ ਰਹਿਣ ਵਾਲੇ ਪੰਜਾਬੀ ਵੀ ਨਾਮਣਾ ਖੱਟ ਰਹੇ ਹਨ, ਉਨ੍ਹਾਂ ਵੱਲ ਵੇਖ ਕੇ ਹੋਰ ਵੀ ਬੱਚਿਆਂ ਵਿਚ ਉਤਸ਼ਾਹ ਵਧੇਗਾ, ਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲੀ ਪੰਜਾਬਣ ਬੱਸ ਡਰਾਇਵਰ ਬਣਨ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਉਹ ਚਾਹੁੰਦੀ ਹੈ ਕਿ ਹੋਰ ਵੀ ਲੜਕੀਆਂ ਇਸ ਕਿੱਤੇ ਨੂੰ ਅਪਣਾਉਣ। ਇਸ ਦੇ ਨਾਲ ਜਿਥੇ ਉਨ੍ਹਾਂ ਨੂੰ ਕਾਰੋਬਾਰ ਮਿਲੇਗਾ ਉਸ ਦੇ ਨਾਲ ਪੰਜਾਬਣ ਲੜਕੀਆਂ ਵਿਚ ਆਤਮ ਨਿਰਭਰਤਾ ਵੀ ਵਧੇਗੀ। ਗੁਰਦੁਆਰਾ ਸਿੰਘ ਸਭਾ ਬੋਲਜਾਨੋ ਦੀ ਪ੍ਰਬੰਧਕ ਕਮੇਟੀ ਵਲੋਂ ਰਵਿੰਦਰਜੀਤ ਸਿੰਘ ਬੱਸੀ, ਜੁਝਾਰ ਸਿੰਘ ਬੱਸੀ, ਗੁਰਬਚਨ ਸਿੰਘ, ਜਸਵੀਰ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ।