ਇੰਗਲੈਂਡ (UK) ਸਰਕਾਰ ਨੇ ਉਸ ਨਵੇਂ ਫ਼ਾਸਟ–ਟ੍ਰੈਕ ਵੀਜ਼ਾ ਸਿਸਟਮ ਨੂੰ ਲਾਗੂ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ; ਜਿਸ ਰਾਹੀਂ ਸਰਕਾਰੀ ਕੌਮੀ ਸਿਹਤ ਸੇਵਾ (NHS) ਵਿੱਚ ਖ਼ਾਲੀ ਪਈਆਂ ਆਸਾਮੀਆਂ ਭਰਨ ਲਈ ਕੁਆਲੀਫ਼ਾਈਡ ਡਾਕਟਰਾਂ ਤੇ ਨਰਸਾਂ ਨੂੰ ਤੁਰੰਤ ਵੀਜ਼ਾ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਸ ਦਾ ਲਾਭ ਯਕੀਨੀ ਤੌਰ ’ਤੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਸਭ ਤੋਂ ਵੱਧ ਹੋਵੇਗਾ ਕਿਉਂਕਿ ਭਾਰਤ ’ਚ ਹਰ ਸਾਲ ਮੈਡੀਕਲ ਕਾਲਜਾਂ ਵਿੱਚੋਂ ਵੱਡੀ ਗਿਣਤੀ ’ਚ ਕੁਆਲੀਫ਼ਾਈਡ ਡਾਕਟਰ ਤੇ ਨਰਸ ਪਾਸ ਹੁੰਦੇ ਹਨ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਨਵੇਂ NHS ਵੀਜ਼ਾ ਦਾ ਜ਼ਿਕਰ ਆਪਣੀਆਂ ਹਾਲੀਆ ਚੋਣ ਮੁਹਿੰਮਾਂ ਵਿੱਚ ਕੀਤਾ ਸੀ। ਇਸ ਨੂੰ ਕੱਲ੍ਹ ਵੀਰਵਾਰ ਨੂੰ ਮਹਾਰਾਣੀ ਦੇ ਭਾਸ਼ਣ ਵਿੱਚ ਵੀ ਜਗ੍ਹਾ ਦਿੱਤੀ ਗਈ ਸੀ। ਇਸ ਭਾਸ਼ਣ ਰਾਹੀਂ ਮਹਾਰਾਣੀ ਨੇ ਬੋਰਿਸ ਜੌਨਸਨ ਦੀ ਅਗਵਾਈ ਹੇਠਲੀ ਨਵੀਂ ਕਨਜ਼ਰਵੇਟਿਵ ਸਰਕਾਰ ਦੇ ਏਜੰਡੇ ਨੂੰ ਸਭ ਦੇ ਸਾਹਮਣੇ ਪੇਸ਼ ਕਰਨ ਦੀ ਰਸਮ ਪੂਰੀ ਕੀਤੀ ਹੈ। ਇਸ ਭਾਸ਼ਣ ਵਿੱਚ ਡਾਕਟਰਾਂ, ਨਰਸਾਂ ਤੇ ਹੈਲਥ ਪ੍ਰੋਫ਼ੈਸ਼ਨਲਜ਼ ਲਈ ਨਵੇਂ ਆਸਾਨ ਵੀਜ਼ਾ ਸਿਸਟਮ ਤੋਂ ਇਲਾਵਾ ਆਮ ਪ੍ਰਵਾਸੀਆਂ ਲਈ ਵੀ ਆਸਟ੍ਰੇਲੀਆ ਦੀ ਤਰਜ਼ ਉੱਤੇ ਅੰਕ ਆਧਾਰਤ ਇਮੀਗ੍ਰੇਸ਼ਨ ਸਿਸਟਮ ਲਾਗੂ ਕਰਨ ਦਾ ਵੀ ਜ਼ਿਕਰ ਕੀਤਾ ਗਿਆ। ਇਹਸ ਸਿਸਟਮ ਦਾ ਵਾਅਦਾ ਵੀ ਸ੍ਰੀ ਜੌਨਸਨ ਨੇ 12 ਦਸੰਬਰ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਦੌਰਾਨ ਕੀਤਾ ਸੀ।
ਸਰਕਾਰੀ ਦਸਤਾਵੇਜ਼ਾਂ ਮੁਤਾਬਕ NHS ਪੀਪਲ ਪਲੈਨ ਅਧੀਨ ਸਮੁੱਚੇ ਵਿਸ਼ਵ ਦੇ ਕੁਆਲੀਫ਼ਾਈਡ ਡਾਕਟਰਾਂ, ਨਰਸਾਂ ਤੇ ਹੈਲਥ ਪ੍ਰੋਫ਼ੈਸ਼ਨਲਜ਼ ਨੂੰ ਰਾਸ਼ਟਰੀ ਸਿਹਤ ਸੇਵਾ ਵਿੱਚ ਨੌਕਰੀ ਦਾ ਪ੍ਰਸਤਾਵ ਦਿੱਤਾ ਜਾਵੇਗਾ। ਇਨ੍ਹਾਂ ਸਭ ਨੂੰ ਇੰਗਲੈਂਡ ਆਉਣ ਲਈ ਫ਼ਾਸਟ–ਟ੍ਰੈਕ ਐਂਟਰੀ, ਘੱਟੋ–ਘੱਟ ਵੀਜ਼ਾ ਫ਼ੀਸ ਤੇ ਸਮਰਪਿਤ ਸਹਿਯੋਗ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦਾ ਮੰਤਵ ਸਮੁੱਚੇ ਵਿਸ਼ਵ ਵਿੱਚ ਅਕਲਮੰਦ ਤੇ ਵਧੀਆ ਲੋਕਾਂ ਨੂੰ ਆਪਣੇ ਦੇਸ਼ ਵਿੱਚ ਆਉਣ ਲਈ ਖਿੱਚਣਾ ਹੈ। ਭਾਸ਼ਣ ਵਿੱਚ ਇੱਕ ਵਾਰ ਫਿਰ ਇੰਗਲੈਂਡ ਦੇ 31 ਜਨਵਰੀ, 2020 ਦੀ ਨਵੀਂ ਸਮਾਂ–ਸੀਮਾ ਉੱਤੇ ਯੂਰੋਪੀਅਨ ਯੂਨੀਅਨ ਤੋਂ ਨਾਤਾ ਤੋੜ ਲੈਣ ਦੀ ਵੀ ਪੁਸ਼ਟੀ ਕੀਤੀ ਗਈ। ਨਾਲ ਇਸ ਤਰੀਕ ਨੂੰ ਬ੍ਰੈਗਜ਼ਿਟ ਲਈ ਬਣਾਏ ਗਏ ਡਿਪਾਰਟਮੈਂ ਆੱਫ਼ ਐਗਜ਼ਿਟਿੰਗ ਦਿ ਯੂਰੋਪੀਅਨ ਯੂਨੀਅਨ ਦੇ ਵੀ ਖ਼ਤਮ ਹੋ ਜਾਣ ਦਾ ਐਲਾਨ ਕੀਤਾ ਗਿਆ।