ਰੋਮ (ਇਟਲੀ) (ਦਲਵੀਰ ਕੈਂਥ) – ਲੱਖਾਂ ਕੁਰਬਾਨੀਆਂ ਨਾਲ ਆਜ਼ਾਦ ਹੋਏ ਮਹਾਨ ਭਾਰਤ ਦਾ ਸੰਵਿਧਾਨ ਜਿਸ ਨੂੰ ਯੁੱਗ ਪੁਰਸ਼ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਸੰਵਿਧਾਨ ਡਰਾਫਟ ਕਮੇਟੀ ਦੇ ਚੇਅਰਮੈਨ ਵਜੋਂ 2 ਸਾਲ 11 ਮਹੀਨੇ 18 ਦਿਨ ਵਿੱਚ ਪੂਰਾ ਕੀਤਾ। ਸੰਵਿਧਾਨ ਨੂੰ ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਤੇ ਇਸ ਦਿਨ ਨੂੰ ਭਾਰਤ ਦੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਭਾਰਤ ਦਾ 75ਵਾਂ ਗਣਤੰਤਰ ਦਿਵਸ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੇ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਤੇ ਭਾਰਤੀ ਅੰਬੈਸੀ ਰੋਮ ਵਿਖੇ ਵੀ ਡਾ: ਨੀਨਾ ਮਲਹੋਤਰਾ ਰਾਜਦੂਤ ਦੀ ਅਗਵਾਈ ਵਿੱਚ ਭਾਰਤੀ ਭਾਈਚਾਰੇ ਨੇ ਰਲ-ਮਿਲ ਮਨਾਇਆ।
ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਡਾ: ਨੀਨਾ ਮਲਹੋਤਰਾ ਵਲੋਂ ਅਦਾ ਕਰਨ ਤੋਂ ਬਆਦ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹਕੇ ਸੁਣਾਇਆ। ਇਸ ਮੌਕੇ ਡਾਕਟਰ ਨੀਨਾ ਮਲਹੋਤਰਾ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਹਾਜ਼ਰੀਨ ਭਾਰਤ ਪ੍ਰੇਮੀਆਂ ਨੂੰ ਦੇਸ਼ ਦੀ ਉੱਨਤੀ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ, ਭਾਰਤ ਦੁਨੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਆਓ ਸਾਰੇ ਇਸ ਨੂੰ ਹੋਰ ਅੱਗੇ ਲੈ ਚੱਲੀਏ। ਤੁਹਾਨੂੰ ਸਭ ਨੂੰ ਮੁਬਾਰਕਬਾਦ ਹੈ ਕਿ ਭਾਰਤ ਦੇ 75ਵੇਂ ਗਣਤੰਤਰ ਦਿਵਸ ਵਿੱਚ ਸ਼ਰੀਕ ਹੋ ਵਿਦੇਸ਼ੀ ਧਰਤੀ ‘ਤੇ ਦੇਸ਼ ਦਾ ਨਾਨ ਚਮਕਾ ਰਹੇ ਹੋ।
ਇਸ ਮੌਕੇ ਬਹੁ ਗਿਣਤੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ ਜਿਸ ਦਾ ਅੰਬੈਸੀ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਆਏ ਮਹਿਮਾਨਾਂ ਨੇ ਇਸ ਮੌਕੇ ਭਾਰਤੀ ਖਾਣੇ ਦਾ ਵੀ ਲੁਤਫ ਲਿਆ।