ਰੋਮ (ਦਲਵੀਰ ਕੈਂਥ)ਕੋਵਿਡ-19ਤੋਂ ਇਟਲੀ ਮੁੱਕਤ ਕਰਨ ਲਈ ਸਰਕਾਰ ਹਰ ਕਦਮ ਫੂਕ ਫੂਕ ਰੱਖ ਰਹੀ ਹੈ ਤੇ ਹਰ ਉਸ ਗਲਤੀ ਨੂੰ ਦੁਬਾਰਾ ਨਹੀ ਕਰਨਾ ਚਾਹੁੰਦੀ ਜਿਸ ਨਾਲ ਦੇਸ਼ ਵਿੱਚ ਮੁੜ ਹਾਲਾਤ ਵਿਗੜਨ ਇਸ ਲਈ ਇਟਲੀ ਦੇ ਸਿਹਤ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਡੈਲਟਾ ਕੋਰੋਨਾਵਾਇਰਸ ਵੇਰੀਐਂਟ ਦੇ ਫੈਲਣ ਦੀਆਂ ਚਿੰਤਾਵਾਂ ਦੇ ਵਿਚਕਾਰ ਯੂਕੇ ਤੋ ਆਉਣ ਵਾਲੇ ਸਾਰੇ ਯਾਤਰੀਆ ਲਈ ਵੱਖਰੇ ਸਵੈਬ ਟੈਸਟ ਦੀਆਂ ਜਰੂਰਤਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ ਜਿਸ ਵਿਚ ਇਟਲੀ ਦਾਖਲ ਹੋਣ ਤੇ ਯਾਤਰੀਆ ਨੂੰ 5 ਦਿਨ ਲਈ ਇਕਾਂਤਵਾਸ ਰਹਿਣਾ ਪਵੇਗਾ ।ਇਟਲੀ ਦੇ ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆ ਲਈ ਅਲੱਗ ਆਰਡੀਨੈਂਸ ਉੱਤੇ ਹਸਤਾਖਰ ਕੀਤੇ ਹਨ। ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਨੇ ਇੱਕ ਫੇਸਬੁੱਕ ਪੋਸਟ ਤੇ ਐਲਾਨ ਇਹ ਕੀਤਾ ਤੇ ਕਿਹਾ ਕਿ ਇਹ ਹੁਕਮ ਸੋਮਵਾਰ ਤੋਂ ਲਾਗੂ ਹੋ ਜਾਣਗੇ। ਸਿਹਤ ਮੰਤਰੀ ਰੋਬੇਰਟੋ ਸਪਰੈਂਜਾ ਵਲੋ ਆਦੇਸ਼ ਵਿੱਚ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ ਤੇ ਵੀ ਮੌਜੂਦਾ ਪਾਬੰਦੀ ਵਧਾ ਦਿੱਤੀ ਗਈ ਹੈ ਜੋ ਹੁਣ 30 ਜੁਲਾਈ 2021 ਤਕ ਕਰ ਦਿੱਤੀ ਗਈ ਹੈ ਜਦਕਿ ਭਾਰਤ ,ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਤੋ ਆਉਣ ਵਾਲੇ ਯਾਤਰੀਆਂ ਉਪੱਰ ਲਗਾਈ ਪਾਬੰਦੀ 21 ਜੂਨ 2021 ਤਕ ਪਹਿਲਾ ਤੋ ਹੀ ਲਗਾਈ ਹੋਈ ਸੀ। ਸਪਰੈਂਜਾ ਨੇ ਅੱਗੇ ਕਿਹਾ ਕਿ ਯੂਰਪੀਅਨ ਯੂਨੀਅਨ, ਅਮਰੀਕਾ, ਕਨੇਡਾ ਅਤੇ ਜਾਪਾਨ ਤੋਂ ਗਰੀਨ ਪਾਸ ਨਾਲ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇਟਲੀ ਵਿਚ ਦਾਖਲੇ ਲਈ ਕਿਸੇ ਵੀ ਕਿਸਮ ਦੀ ਕੋਈ ਰੋਕ ਨਹੀ ਹੋਵੇਗੀ। ਸਰਕਾਰ ਦੇ ਇਸ ਸਖ਼ਤ ਰਵੱਈਏ ਨਾਲ
> ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਵਿੱਚ ਹੁਣ ਰੋਣਕ ਮੇਲਾ ਜਲਦ ਹੀ ਪਰਤੇਗਾ ਪਰ ਇਸ ਦੇ ਨਾਲ ਹੀ ਉਹਨਾਂ ਤਮਾਮ ਪ੍ਰਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਸਹੇੜਣੀ ਪੈ ਰਹੀ ਹੈ ਜਿਹੜੇ ਇਸ ਵਕਤ ਭਾਰਤ ,ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਵਿੱਚ ਫਸੇ ਬੈਠੇ ਆਪਣਾ ਕੰਮ-ਕਾਰ ਉਜੜਦਾ ਦੇਖ ਰਹੇ ਹਨ ।ਇਸ ਪੱਖ ਲਈ ਇਟਲੀ ਤੇ ਭਾਰਤ ਸਰਕਾਰ ਸਰਕਾਰ ਨੂੰ ਜਲਦ ਵਿਚਾਰਨ ਦੀ ਲੋੜ ਹੈ ਕਿਉਂ ਕਿ ਹਜ਼ਾਰਾ ਲੋਕਾਂ ਦੇ ਭੱਵਿਖ ਦਾ ਮਾਮਲਾ ਹੈ । ਬੇਵੱਸੀ ਦੇ ਆਲਮ ਦਾ ਫ਼ਾਇਦਾ ਚੱਕ ਕੁਝ ਟ੍ਰੈਵਲ ਏਜੰਸੀ ਇਹਨਾਂ ਫਸੇ ਲੋਕਾਂ ਨੂੰ ਹੋਰ ਦੇਸ਼ਾਂ ਰਾਹੀ 14 ਦਿਨ ਦਾ ਇਕਾਂਤਵਾਸ ਭੁਗਤਾ ਕੇ ਇਟਲੀ ਪਹੁੰਚਾਣ ਲਈ 150000 ਰੁਪੲੈ ਤੋਂ ਉਪੱਰ ਟਿਕਟ ਦਾ ਹੋਕਾ ਦੇ ਰਹੀਆਂ ਹਨ। ਪਰ ਸੁਆਲ ਇਹ ਉਠਦਾ ਹੈ ਕਿ ਪਿਛਲੇ 3-4 ਮਹੀਨਿਆਂ ਤੋਂ ਪਰਿਵਾਰਾਂ ਸਮੇਤ ਭਾਰਤ ਫਸੇ ਲੋਕ ਇਹਨਾਂ ਪੈਸਾ ਕਿੱਥੋਂ ਲਿਆਉਣ ।ਜਿਹੜਾ ਬੰਦਾ ਆਪਣੇ ਦੋ ਬੱਚਿਆਂ ਨਾਲ ਭਾਰਤ ਗਿਆ ਉਹ ਇਟਲੀ ਵਾਲੇ ਘਰ ਦਾ ਉਂਝ ਹੀ ਕਿਰਾਇਆ ਦੇ ਦੇ ਹੰਭ ਚੁੱਕਾ ਹੁਣ ਲੱਖਾਂ ਰੁਪੲੈ ਕਿੱਥੋਂ ਮੰਗੇ ਵਾਪਸ ਇਟਲੀ ਜਾਣ ਲਈ ਅਜਿਹੇ ਮਾਹੌਲ ਵਿੱਚ ਭਾਰਤ ਫਸੇ ਲੋਕਾਂ ਨੇ ਇਟਲੀ ਤੇ ਭਾਰਤ ਸਰਕਾਰ ਤੋ ਮਦਦ ਦੀ ਗੁਹਾਰ ਲਗਾਈ ਹੈ ਖਾਸਕਰ ਭਾਰਤੀ ਅੰਬੈਂਸੀ ਰੋਮ ਨੂੰ ਕਿ ਉਹ ਜਲਦ ਕੋਈ ਹੱਲ ਕਰੇ ਤਾਂ ਜੋ ਇਹ ਲੋਕ ਆਪਣੇ ਭੱਵਿਖ ਉਪੱਰ ਮੰਡਰਾ ਰਹੇ ਖ਼ਤਰੇ ਤੋਂ ਬਚ ਸਕਣ। ਇੱਥੇ ਇਸ ਗੱਲ ਦੀ ਚਰਚਾ ਵੀ ਜ਼ੋਰਾਂ ਤੇ ਹੈ ਕਿ ਭਾਰਤ ਵਿੱਚ ਫਸੇ ਇਹਨਾਂ ਭਾਰਤੀ ਲੋਕਾਂ ਲਈ ਇਟਲੀ ਦੇ ਤਮਾਮ ਭਾਰਤੀ ਸਿਆਸੀ ਤੇ ਗ਼ੈਰ ਸਿਆਸੀ ਆਗੂ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਕੁਝ ਸਹਾਇਤਾ ਕਰਨ ਲਈ ਸਰਕਾਰੇ ਦਰਬਾਰੇ ਸੰਪਰਕ ਕਰਨਗੇ ਜਾਂ ਫਿਰ ਇੰਜ ਹੀ ਤਮਾਸ਼ਾ ਦੇਖਣਗੇ ਪਰ ਇੱਕ ਗੱਲ ਤਹਿ ਹੈ ਕਿ ਭਾਰਤ ਵਿੱਚ ਫਸੇ ਭਾਰਤੀ ਲੋਕਾਂ ਨੂੰ ਇਸ ਵਾਰ ਦੀ ਭਾਰਤ ਫੇਰੀ ਜਿੱਥੇ ਸਦਾ ਯਾਦ ਰਹੇਗੀ ਉੱਥੇ ਕਈ ਲੋਕਾਂ ਦੀ ਜ਼ਿੰਦਗੀ ਵੀ ਬਦਲ ਦਵੇਗੀ।