ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਬੀਤੇ ਦਿਨੀਂ ਆਨਲਾਈਨ ਜੂਮ ਦੇ ਜਰੀਏ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਮੋਹਣ ਸਿੰਘ ਮੋਤੀ ਅਤੇ ਲਹਿੰਦੇ ਪੰਜਾਬ ਤੋਂ ਬਰਤਾਨੀਆ ਵੱਸਦੀ ਮਾਣਮੱਤੀ ਸ਼ਖਸੀਅਤ ਨੁਜਹਤ ਅੱਬਾਸ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਮੁਖ ਬੁਲਾਰਿਆ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਅਤੇ ਪ੍ਰੋਫੈਸਰ ਸੁਰਜੀਤ ਕੌਰ ਬਸਰਾ ਨੇ ਸ਼ਿਰਕਤ ਕੀਤੀ। ਬਿੰਦਰ ਕੋਲੀਆਂਵਾਲ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ।
ਸਮਾਗਮ ਦਾ ਮੁੱਖ ਉਦੇਸ਼ ਇਹੋ ਹੀ ਰਿਹਾ ਕਿ, ਭਾਸ਼ਾ ਸਬੰਧੀ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਅਤੇ ਵਿਦੇਸ਼ਾਂ ਵਿੱਚ ਰਹਿਣ ਦੇ ਨਾਲ ਉਨਾਂ ਦੇਸ਼ਾਂ ਦੀ ਬੋਲੀ ਸਿੱਖਣ ਦੇ ਨਾਲ ਆਪਣੀ ਮਾਂ ਬੋਲੀ ਨੂੰ ਵੀ ਤਰਜੀਹ ਦਿੱਤੀ ਜਾਵੇ।
ਸਭਾ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਬਲਵਿੰਦਰ ਸਿੰਘ ਚਾਹਲ ਨੇ ਸੁਰਜੀਤ ਪਾਤਰ ਦੇ ਲਿਖੇ ਬੋਲਾਂ ਨਾਲ ਕੀਤੀ। ਇਸ ਕਵੀ ਦਰਬਾਰ ਵਿੱਚ ਜੀਤ ਸੁਰਜੀਤ ਬੈਲਜੀਅਮ, ਨੀਲੂ ਜਰਮਨੀ, ਲਹਿੰਦੇ ਪੰਜਾਬ ਤੋਂ ਅਮਜਦ ਆਰਫੀ ਜਰਮਨੀ, ਯਾਦਵਿੰਦਰ ਸਿੰਘ ਬਾਗੀ, ਰਾਣਾ ਅਠੌਲਾ, ਸਤਵੀਰ ਸਾਂਝ, ਮਾਸਟਰ ਗੁਰਮੀਤ ਮੱਲੀ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੇਮ ਪਾਲ ਸਿੰਘ, ਕਰਮਜੀਤ ਕੌਰ ਰਾਣਾ, ਗੁਰਪ੍ਰੀਤ ਕੌਰ ਗਾਇਦੂ ਨੇ ਮਾਂ ਬੋਲੀ ਨਾਲ ਸਬੰਧਿਤ ਰਚਨਾਵਾਂ ਦੀ ਸਾਂਝ ਪਾਈ। ਮੰਚ ਸੰਚਾਲਕ ਦੀ ਭੂਮਿਕਾ ਦਲਜਿੰਦਰ ਰਹਿਲ ਨੇ ਦਿਲ ਟੁੰਬਦੇ ਬੋਲਾਂ ਨਾਲ ਬਾਖੂਬੀ ਨਿਭਾਈ। ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਅੰਤ ਵਿੱਚ ਧੰਨਵਾਦੀ ਭਾਸ਼ਣ ਦੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।