in

ਮਾਲਕ ਦੀ ਗਲਤੀ ਨਾਲ ਸਤਨਾਮ ਸਿੰਘ ਦੀ ਦਰਦਨਾਕ ਮੌਤ

ਭਾਈਚਾਰੇ ਵਿੱਚ ਰੋਹ, ਇਨਸਾਫ ਲਈ 25 ਜੂਨ ਨੂੰ ਲਾਤੀਨਾ ਰੋਸ ਮੁਜ਼ਾਹਰਾ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਵਿੱਚ ਪ੍ਰਵਾਸੀਆਂ ਨਾਲ ਕੰਮ ਦੇ ਮਾਲਕਾਂ ਵੱਲੋਂ ਕੀਤੇ ਜਾਂਦੇ ਸੋਸ਼ਣ ਦੀਆਂ ਖਬਰਾਂ ਨਵੀਆਂ ਨਹੀਂ ਹਨ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਜਿਨਾਂ ਵਿੱਚ ਇਟਾਲੀਅਨ ਮਾਲਕਾਂ ਵੱਲੋਂ ਕੱਚੇ ਪੰਜਾਬੀ ਬੰਦਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਵਾਪਰ ਚੁੱਕੀਆਂ ਹਨ, ਪਰ ਬੀਤੇ ਦਿਨ ਦੱਖਣੀ ਇਟਲੀ ਦੇ ਜਿਲ੍ਹਾ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਰੂਹ ਕੰਬਾਊ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ।
ਪੰਜਾਬ ਦੇ ਮੋਗਾ ਨਾਲ ਸੰਬੰਧਿਤ 31 ਸਾਲਾ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ ਜਿਹੜਾ ਪੰਜਾਬ ਦੇ ਜਿਲ੍ਹਾ ਮੋਗਾ ਨਾਲ ਸੰਬਧਤ ਸੀ ਅਤੇ ਇੱਕ ਇਟਾਲੀਨ ਮਾਲਕ ਦੇ ਘਰ ਵਿੱਚ ਦੋਵੇਂ ਪਤੀ-ਪਤਨੀ ਕੰਮ ਕਰਦੇ ਸਨ। ਕੰਮ ਦੌਰਾਨ ਵਾਪਰੇ ਇਕ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਂਹ ਕੱਟੀ ਗਈ ਅਤੇ ਸਰੀਰ ਨਾਲੋਂ ਵੱਖ ਹੋ ਗਈ, ਜਿਸ ਨੂੰ ਦੇਖ ਉਸ ਦੇ ਨਿਰਦਈ ਇਟਾਲੀਅਨ ਮਾਲਕ ਨੇ ਬਜਾਏ ਇਸ ਦੇ ਕੇ ਸਤਨਾਮ ਸਿੰਘ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਂਦਾ, ਉਸ ਨੇ ਨਿਰਦਈਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਸਤਨਾਮ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਬੁਰੀ ਤਰ੍ਹਾਂ ਲਹੂ ਲੂਹਾਨ ਜ਼ਖਮੀ ਹਾਲਤ ਵਿੱਚ ਅਤੇ ਖੂਨ ਨਾਲ ਲਥਪਥ ਹੋਈ ਉਸ ਦੀ ਕੱਟੀ ਹੋਈ ਬਾਂਹ ਨੂੰ ਵੀ ਪੀੜਤ ਦੇ ਘਰ ਅੱਗੇ ਛੱਡ ਆਇਆ। ਸ਼ਾਇਦ ਇਟਾਲੀਅਨ ਮਾਲਕ ਦੇ ਮਨ ਵਿੱਚ ਡਰ ਸੀ ਕਿ ਸਤਨਾਮ ਸਿੰਘ ਕੋਲ ਪੱਕੇ ਪੇਪਰ ਨਾ ਹੋਣ ਕਾਰਨ ਪੁਲਿਸ ਵੱਲੋਂ ਉਸ ਤੇ ਕਾਰਵਾਈ ਕੀਤੀ ਜਾਵੇਗੀ।
ਪੀੜਤ ਸਤਨਾਮ ਸਿੰਘ ਦੀ ਬੁਰੀ ਹਾਲਤ ਦੇਖ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁਢਲੀ ਸਹਾਇਤਾ ਲਈ ਬੁਲਾਇਆ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਹੈਲੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇੱਕ ਵੱਡੇ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਕਿ ਉਹ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਅਣਹੋਣੀ ਦੀ ਜਾਣਕਾਰੀ ਮਿਲਦੇ ਹੀ ਮਰਹੂਮ ਸਤਨਾਮ ਸਿੰਘ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ। ਇਸ ਅਤਿ ਨਿੰਦਣਯੋਗ ਅਣਮਨੁੱਖੀ ਬਰਤਾਰੇ ਉਪੱਰ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨਾਲ ਜੋ ਵੀ ਵਾਪਰਿਆ ਇਹ ਬਹੁਤ ਮੰਦਭਾਗੀ ਘਟਨਾ ਹੈ ਇਹ ਕਤਲ ਹੋਇਆ ਹੈ. ਜਿਸ ਵਿੱਚ ਉਸ ਦਾ ਕੰਮ ਮਾਲਕ ਕਸੂਰਵਾਰ ਹੈ, ਜੇਕਰ ਉਹ ਵੇਲੇ ਸਿਰ ਮਰਹੂਮ ਸਤਨਾਮ ਸਿੰਘ ਨੂੰ ਹਸਤਪਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਅੱਜ ਉਹ ਜਿਉਂਦਾ ਹੁੰਦਾ।
ਮਜ਼ਦੂਰ ਜਥੇਬੰਦੀਆਂ ਮ੍ਰਿਤਕ ਸਤਨਾਮ ਸਿੰਘ ਨੂੰ ਇਨਸਾਫ਼ ਦਿਵਾਉਣ ਅਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਵਾਉਣ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3.00 ਵਜੇ ਲਾਤੀਨਾ ਦੇ ਡੀ ਸੀ ਦਫ਼ਤਰ ਵਿਖੇ ਇੱਕ ਬਹੁਤ ਹੀ ਭਾਰੀ ਇਕੱਠ ਕਰਨ ਜਾ ਰਹੀਆਂ ਹਨ। ਜਿਸ ਵਿੱਚ ਇਨਸਾਨੀਅਤ ਨੂੰ ਖੇਰੂ ਖੇਰੂ ਕਰਦੀ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।

ਜੀ-7: ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਨੇਤਾ ਇਟਲੀ ਵਿੱਚ ਇਕੱਠੇ ਹੋਏ

ਕੰਮ ਦੌਰਾਨ ਮਰੇ ਭਾਰਤੀ ਨੂੰ ਮੌਤ ਵੱਲ ਧੱਕਣ ਵਾਲੇ ਹਾਲਾਤਾਂ ਦੀ ਪ੍ਰਧਾਨ ਮੰਤਰੀ ਨਿਰਪੱਖ ਜਾਂਚ ਕਰ ਮਰਹੂਮ ਨੂੰ ਇਨਸਾਫ਼ ਦੁਆਵੇ – ਕੌਂਤੇ