ਰੋਮ (ਇਟਲੀ) 28 ਜਨਵਰੀ (ਟੇਕ ਚੰਦ ਜਗਤਪੁਰ) – ਇੰਡੀਅਨ ਕੌਂਸਲੇਟ ਜਨਰਲ ਆੱਫ ਮਿਲਾਨ ਨੇ ਇਟਲੀ ‘ਚ ਰਹਿੰਦੇ ਭਾਰਤੀਆਂ ਦੇ ਸਾਰੇ ਧਰਮਾਂ ਤੇ ਭਾਰਤੀ ਕੌਮਾਂ ਨੂੰ ਸਨਮਾਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਨੂੰ ਜਾਰੀ ਰੱਖਦਿਆਂ ਬੀਤੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਿਖੇ ਨਾੱਰਥ ਇਟਲੀ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਅਹੁਦੇਦਾਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀ ਜੀ ਆਈ ਮਿਲਾਨ ਸ਼੍ਰੀ ਜਾਰਜ ਬਿਨੌਈ ਅਤੇ ਕੌਸਲੇਟ ਸ਼੍ਰੀ ਰਾਜੀਵ ਭਾਟੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸ਼੍ਰੀ ਗੁਰੂ ਰਵਿਦਾਸ ਸਭਾਵਾਂ ਇਟਲੀ ਦੇ ਅਹੁਦੇਦਾਰਾਂ ਦੁਆਰਾ ਯੂਰਪ ਭਰ ਦੀਆਂ ਅੰਬੈਸੀਆਂ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ : ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਦਿੱਲੀ ਵਿਖੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮੰਦਰ ਦੀ ਫਿਰ ਤੋਂ ਉਸਾਰੀ ਕੀਤੇ ਜਾਣ ਲਈ ਵੀ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਮਿਲਾਨ ਕੌਸਲੇਟ ਜਨਰਲ ਦੁਆਰਾ ਤੁਰੰਤ ਕਾਰਵਾਈ ਕਰਦਿਆਂ ਮਿਲਾਨ ਵਿਖੇ ਕੌਸਲੇਟ ਜਨਰਲ ਦਫ਼ਤਰ ਵਿਖੇ ਬਾਵਾ ਸਾਹਿਬ ਦੀ ਤਸਵੀਰ ਸੁਸੋæਭਿਤ ਕਰ ਦਿੱਤੀ ਗਈ। ਇਸੇ ਪ੍ਰਕਾਰ ਹੋਰ ਮੰਗਾਂ ਲਈ ਵੀ ਉਪਰਾਲੇ ਕਰਨ ਦਾ ਭਰੋਸਾ ਦੁਆਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੁਆਰਾ ਕੌਸਲੇਟ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।