ਮਿਲਾਨ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਬਜੁ਼ਰਗਾਂ ਲਈ ਬਣੇ ਨਗਰ ਨਿਗਮ ਦੇ ਬਿਰਧ ਆਸ਼ਰਮ ਦੀ ਪਹਿਲੀ ਮੰਜ਼ਿਲ ‘ਤੇ ਕੱਲ੍ਹ ਤੜਕੇ ਭਿਆਨਕ ਅੱਗ ਜਾਣ ਕਾਰਨ ਹੁਣ ਤੱਕ 1 ਪੁਰਸ਼ ਸਮੇਤ 5 ਨਰਸਾਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ਅਨੁਸਾਰ ਇਸ ਅੱਗ ਦੀ ਲਪੇਟ ਵਿੱਚ ਆ ਕੇ ਡਿਊਟੀ ਨਿਭਾਅ ਰਹੀਆਂ 2 ਨਰਸਾਂ ਦੀ ਅੱਗ ਨਾਲ ਝੁਲਸ ਕੇ ਘਟਨਾ ਸਥਲ ਉੱਤੇ ਹੀ ਮੌਤ ਹੋ ਗਈ, ਜਦੋਂਕਿ ਬਾਕੀ 3 ਲੋਕਾਂ ਦੀ ਧੂੰਏਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣ ਕਰਕੇ ਮੌਤ ਹੋ ਗਈ ਹੈ, ਜਿਹਨਾਂ ਦੀ ਉਮਰ 69 ਤੋਂ 87 ਸਾਲ ਦੇ ਵਿਚਕਾਰ ਸੀ। ਬਾਕੀ 81 ਲੋਕਾਂ ਨੂੰ ਮਿਲਾਨ ਅਤੇ ਅੰਦਰੂਨੀ ਖੇਤਰ ਦੇ 15 ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਅੱਗ ਪਹਿਲੀ ਮੰਜ਼ਿਲ ‘ਤੇ ਇੱਕ ਬਿਸਤਰੇ ਤੋਂ ਉੱਠੀ ਅਤੇ ਫਿਰ ਹੌਲੀ ਹੌਲੀ ਇਮਾਰਤ ਦੀ ਦੂਜੀ ਮੰਜ਼ਿਲ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਇਸ ਆਸ਼ਰਮ ਵਿੱਚ ਲਗਭਗ 167 ਲੋਕ ਮੌਜੂਦ ਸਨ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਹਤ ਕਰਮੀਆਂ ਤੇ ਅੱਗ ਬੁਝਾਉਣ ਵਾਲੇ ਕਰਮੀਆਂ ਵਲੋਂ ਬਹੁਤ ਹੀ ਜੱਦੋ ਜਹਿਦ ਨਾਲ ਲੋਕਾਂ ਨੂੰ ਬਚਾਇਆ ਗਿਆ। ਘਟਨਾ ਸਥਲ ਦਾ ਦੌਰਾ ਕਰਦਿਆਂ ਮਿਲਾਨ ਦੇ ਮੇਅਰ ਜੁਸੇਪੇ ਸਲਾ ਨੇ ਕਿਹਾ, ਇਹ ਹਾਦਸਾ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ. ਇਸ ਮੌਕੇ ਉਹਨਾਂ ਨਾਲ ਲੰਬਾਰਦੀਆ ਦੇ ਗਵਰਨਰ ਐਤਿਲਿਓ ਫੌਤਾਨਾ ਵੀ ਮੌਜੂਦ ਸਨ, ਜਿਹਨਾਂ ਨੇ ਜਖ਼ਮੀਆਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੰਦਭਾਗੀ ਘਟਨਾ ਸਬੰਧੀ ਦੇਸ਼ ਦੀ ਪ੍ਰਧਾਨ ਮੰਤਰੀ ਜੋਰਜ਼ੀਆ ਮੇਲੋਨੀ ਨੇ ਗਹਿਰਾ ਸੋਗ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਨਗਰ ਨਿਗਮ ਮਿਲਾਨ ਵੱਲੋਂ ਬਜੁਰਗ ਜੋੜਿਆਂ ਲਈ ਚਲਾਇਆ ਜਾ ਰਿਹਾ ਇਹ ਬਿਰਧ ਆਸ਼ਰਮ ‘ਕਾਜ਼ਾ ਦੇਈ ਕੋਨਿਊਜ਼ੀ’ ਬਿਰਧ ਲੋਕਾਂ ਲਈ ਇੱਕ ਸਿਹਤ ਸੰਭਾਲ ਰਿਹਾਇਸ਼ ਹੈ। ਜਿਸਦੀ ਮਲਕੀਅਤ ਮਿਲਾਨ ਦੇ ਨਗਰ ਨਿਗਮ ਦੀ ਹੈ। ਜਿਨ੍ਹਾਂ ਨੂੰ ਹਸਪਤਾਲ ਦੀਆਂ ਸੇਵਾਵਾਂ ਅਤੇ ਬਿਰਧ ਲੋਕਾਂ ਦੀ ਦੇਖਭਾਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਆਸ਼ਰਮ ਨੂੰ 1955 ਤੋਂ 210 ਬਿਸਤਰਿਆਂ ਵਾਲੇ ਇੱਕ ਨਰਸਿੰਗ ਹੋਮ ਵਜੋਂ ਵਰਤਿਆ ਜਾਂਦਾ ਹੈ।
ਮਿਲਾਨ: ਬਿਰਧ ਆਸ਼ਰਮ ਨੂੰ ਅੱਗ ਲੱਗਣ ਨਾਲ 6 ਲੋਕਾਂ ਦੀ ਦਰਦਨਾਕ ਮੌਤ
