ਰੋਮ (ਦਲਵੀਰ ਕੈਂਥ) – 21 ਮਾਰਚ 2022 ਤੋਂ ਇੰਗਲੈਂਡ ਤੋਂ ਭਾਰਤ ਦੀ ਮੋਟਰ ਸਾਇਕਲ ਯਾਤਰਾ ਲਈ ਨਿਕਲੇ ਭਾਰਤ ਦੇ ਮਹਾਨ ਅਧਿਆਤਮਕਵਾਦ ਤੇ ਯੋਗਾ ਦੇ ਗੁਰੂ ਸਦਗੁਰੂ ਜੱਗੀ ਵਾਸਦੇਵ ਪਦਮ ਵਿਭੂਸ਼ਣ ਦਾ ਯੂਰਪੀਅਨ ਦੇਸ਼ ਇਟਲੀ ਵਿੱਚ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਤੇ ਭਾਰਤੀ ਭਾਈਚਾਰੇ ਵੱਲੋਂ ਸੀ ਡੀ ਏ ਮੈਡਮ ਨਿਹਾਰੀਕਾ ਸਿੰਘ ਦੀ ਯੋਗ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਸਦਗੁਰੂ ਜੱਗੀ ਵਾਸਦੇਵ ਵੱਲੋਂ ਆਪਣੀ ਇਹ ਯਾਤਰਾ ਮਿੱਟੀ, ਵਾਤਾਵਰਣ ਤੇ ਪਾਣੀ ਦੀ ਖਤਮ ਹੁੰਦੀ ਗੁਣਵੰਤਾ ਨੂੰ ਬਚਾਉਣ ਲਈ ਉਚੇਚਾ ਤੌਰ ਤੇ ਇੰਗਲੈਂਡ ਤੋਂ ਭਾਰਤ ਲਈ ਸੁਰੂ ਕੀਤੀ ਹੈ, ਜਿਹੜੀ ਕਿ 27 ਦੇਸ਼ਾਂ ਤੋਂ ਹੁੰਦੀ ਹੋਈ 30,000 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ।
ਰੋਮ ਪਹੁੰਚਣ ਉਪਰੰਤ ਉਹਨਾਂ ਦੇ ਸਵਾਗਤ ਵਿੱਚ ਹੋਏ ਸਮਾਰੋਹ ਨੂੰ ਸੀ ਡੀ ਏ ਨਿਹਾਰੀਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ, ਸਦਗੁਰੂ ਜੀ ਵੱਲੋਂ ਸੁਰੂ ਕੀਤੀ ਇਹ ਵਿਸ਼ੇਸ਼ ਯਾਤਰਾ ਮਨੁੱਖਤਾ ਦੇ ਭਲੇ ਹਿੱਤ ਹੈ ਤੇ ਅਸੀਂ ਉਹਨਾਂ ਦੇ ਬੱਚੇ ਹਾਂ ਜੋ ਕਿ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਹਾਂ। ਅਸੀਂ ਆਪਣੇ ਵੱਲੋਂ ਸੁੱਭ ਕਾਮਨਾਵਾਂ ਕਰਦੇ ਹਾਂ ਕਿ ਸਦਗੁਰੂ ਜੀ ਵੱਲੋਂ ਨਿੱਜੀ ਤੌਰ ਤੇ ਮਨੁੱਖਤਾ ਦੇ ਭਲੇ ਲਈ ਸ਼ੁਰੂ ਕੀਤੀ ਮੋਟਰ ਸਾਇਕਲ ਯਾਤਰਾ ਸਿਰਫ਼ ਯਾਤਰਾ ਹੀ ਨਹੀਂ ਹੈ ਸਗੋ ਸਾਨੂੰ ਸਭ ਨੂੰ ਪ੍ਰਾਕਿਰਤੀ ਨਾਲ ਜੋੜਨ ਦਾ ਉਪਰਾਲਾ ਵੀ ਹੈ, ਜਿਸ ਨੂੰ ਸਮਝਣ ਲਈ ਸਾਨੂੰ ਸੰਜੀਦਾ ਹੋਣ ਦੀ ਲੋੜ ਹੈ।
ਸਮਾਰੋਹ ਵਿੱਚ ਹਾਜ਼ਰੀਨ ਸੰਗਤ ਨਾਲ ਸਦਗੁਰੂ ਜੱਗੀ ਵਾਸਦੇਵ ਜੀ ਨੇ ਬਹੁਤ ਹੀ ਪਿਆਰ ਭਾਵਨਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਨੂੰ ਕੁਦਰਤ ਦੀਆਂ ਸੌਗਾਤਾਂ ਤੇ ਨਿਯਮਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ, ਕੀ ਜੇਕਰ ਅਸੀਂ ਹੁਣ ਵੀ ਵਾਤਾਵਰਣ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਅੱਗੇ ਨਾ ਆਏ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਸਾਡਾ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੌਗਾਤਾਂ ਨੂੰ ਸਾਂਭਣਾ ਨਿੱਜੀ ਫਰਜ਼ ਬਣਦਾ ਹੈ। ਇਸ ਸਮਾਰੋਹ ਵਿੱਚ ਕਈ ਸ਼ਰਧਾਲੂਆਂ ਨੇ ਸਦਗੁਰੂ ਤੋਂ ਆਪਣੇ ਮਨ ਦੇ ਸ਼ੰਕੇ ਦੂਰ ਕਰਨ ਲਈ ਸਵਾਲ ਵੀ ਕੀਤੇ ਜਿਹਨਾਂ ਦਾ ਬਹੁਤ ਹੀ ਸਰਲਤਾ ਨਾਲ ਸਦਗੁਰੂ ਨੇ ਜਵਾਬ ਦਿੱਤਾ। ਇਸ ਮੌਕੇ ਆਈ ਸਭ ਸੰਗਤ ਨੂੰ ਅੰਬੈਂਸੀ ਵੱਲੋਂ ਲੰਗਰ ਵੀ ਛਕਾਇਆ ਗਿਆ।