ਮੇਰੀ ਚੁੰਨੀ ਦੇ ਲੜ੍ਹ ਚਾਰ ਨੀ ਮਾਏਂ,
ਮੇਰੀ ਚੁੰਨੀ ਦੇ ਲੜ੍ਹ ਚਾਰ ਨੀ ਮਾਏਂ।
ਚਾਰ ਲੜ੍ਹਾਂ ਵਿਚ ਮੇਰੀ ਜਾਨ ਹੈ ਵੱਸਦੀ,
ਇਹਦੀ ਛਾਵੇਂ, ਮੈਂ ਦੁਨੀਆਂ ਹਾਂ ਤੱਕਦੀ।
ਮੇਰੇ ਰੂਪ ਦਾ ਪਹਿਰੇਦਾਰ ਏ ਚੁੰਨੀ,
ਰੱਬ ਵਰਗਾ ਸਤਿਕਾਰ ਏ ਚੁੰਨੀ।
ਜਦ ਜੰਮੀ ਸੀ,
ਮਾਂ ਨੇ ਪਹਲਾਂ ਗਲ ਨਾਲ ਲਾਇਆ ਸੀ।
ਫਿਰ ਇਕ ਲੜ੍ਹ ਵਿਚ ਪਿਆਰ,
ਬਾਬਲੇ ਦਾ ਪਾਇਆ ਸੀ।
ਹੱਥ ਰੱਖ ਸਿਰ ਉੱਤੇ,
ਰਾਖਾ ਪੱਤ ਦਾ ਬਣਾਇਆ ਸੀ।
ਕਿੰਨਾ ਸੋਹਣਾ ਸੀ ਇਕ ਦਿਨ,
ਸਵੇਰ ’ਤੇ ਰੂਪ ਚੜ੍ਹਿਆ।
ਮੇਰੇ ਵੀਰੇ ਦੀਆਂ ਖੇਡਾਂ ਨਾਲ,
ਅੰਮੜੀ ਦਾ ਘਰ ਭਰਿਆ।
ਦੂਜੇ ਲੜ੍ਹ ਵਿਚ ਪਾਇਆ ਸੀ,
ਮਾਣ ਭਾਈਆਂ ਦਾ।
ਰੰਗ ਦੂਣਾਂ ਹੋਇਆ,
ਫਿਰ ਉਮਰਾਂ ਦੀ ਸਾਂਝ,
ਮਾਹੀ ਨਾਲ ਪਾ ਲਈ।
ਪੱਗ ਉਹਦੀ ਨਾਲ ਦੀ,
ਚੁੰਨੀ ਮੈਂ ਰੰਗਾ ਲਈ।
ਅੱਖੀਆਂ ’ਚ ਤੱਕ ਕੇ,
ਵਾਰੀ ਵਾਰੀ ਜਾਵਾਂ ਮੈਂ।
ਕਰ ਓਹਲਾ ਦੁਨੀਆਂ ਦਾ,
ਚਾਅ ਲੁਕਾਵਾਂ ਮੈਂ।
ਚੌਥਾ ਲੜ੍ਹ ਤੱਜ ਮੇਰਾ,
ਖੁਸ਼ੀ ਨਾਲ ਭਰਿਆ।
ਮੇਰੀ ਉਂਗਲ ਫੜ੍ਹ ਜਦ,
ਮੇਰਾ ਪੁੱਤ ਤੁਰਿਆ।
ਚਾਰ ਲੜ੍ਹ ਮੇਰੀ ਚੁੰਨੀ ਦੇ,
ਮੇਰੀ ਜਿੰਦਗੀ ਦੀਆਂ ਨੀਹਾਂ।
ਸੰਭਾਲਣ ਜੋ ਸਿਰਾਂ ’ਤੇ,
ਵੱਸਦੀਆਂ ਰਹਿਣ ਧੀਆਂ।
- ਹਰਫ ਕੌਰ