ਰੋਮ (ਇਟਲੀ) (ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ) – ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਨੇ ਆਏ ਦਿਨ ਵਿੱਦਿਆ ਦੇ ਖੇਤਰ ਮੱਲਾਂ ਮਾਰ ਕੇ ਇਹ ਸਾਬਤ ਕਰ ਦਿਖਾਇਆ ਹੈ ਕਿ ਅਸੀਂ ਇਟਾਲੀਅਨ ਮੂਲ ਦੇ ਬੱਚਿਆਂ ਨਾਲੋਂ ਘੱਟ ਨਹੀਂ ਹਾਂ. ਇਟਲੀ ਵਿੱਚ ਭਾਰਤੀ ਬੱਚਿਆਂ ਨੇ ਵਿੱਦਿਅਕ ਖੇਤਰ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਥਾਨਕ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ. ਇਸੇ ਲੜ੍ਹੀ ਤਹਿਤ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਨਸੂਦਪੁਰ (ਨੇੜੇ ਮੁਕੇਰੀਆਂ) ਦੇ ਰਾਜਪਾਲ ਸਿੰਘ ਦੇ ਪੁੱਤਰ ਯੁਵਰਾਜ ਸਿੰਘ (20), ਨੇ ਲਾ’ਆਕੂਇਲਾ ਦੇ ਹਾਈ ਸਕੂਲ ਵਿਚੋਂ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਥਾਨਕ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦਿਆਂ ਹੋਇਆ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਯੁਵਰਾਜ ਸਿੰਘ ਦੇ ਪਿਤਾ ਰਾਜਪਾਲ ਸਿੰਘ ਨੇ ਦੱਸਿਆ ਕਿ, ਯੁਵਰਾਜ ਸਿੰਘ 2007 ਵਿੱਚ ਪੰਜਾਬ ਤੋਂ ਇਟਲੀ ਆਇਆ ਸੀ ਅਤੇ ਇਟਾਲੀਅਨ ਸਕੂਲ ਵਿੱਚ ਆਪਣੀ ਪੜ੍ਹਾਈ ਨੂੰ ਅੱਗੇ ਤੋਰਦਿਆਂ ਹੋਇਆਂ ਸਕੂਲ ਪੂਰਾ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਅਤੇ ਆਪਣੇ ਪੁੱਤਰ ‘ਤੇ ਮਾਣ ਵੀ ਮਹਿਸੂਸ ਹੋ ਰਿਹਾ ਹੈ, ਕਿਉਂਕਿ ਇਟਲੀ ਵਿੱਚ ਸਥਾਨਕ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਮਾਤ ਦੇਣੀ ਮੈਂ ਸਮਝਦਾ ਹਾਂ ਕਿ ਇੱਕ ਵੱਡੀ ਚੁਣੌਤੀ ਹੈ।
ਵਿਦਿਆਰਥੀ ਯੁਵਰਾਜ ਸਿੰਘ ਨੇ ਦੱਸਿਆ ਕਿ, ਮੈਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਮੇਰੇ ਸਾਰੇ ਪਰਿਵਾਰ ਦਾ ਸਾਥ ਮਿਲਿਆ ਹੈ। ਉਸਨੇ ਇਟਲੀ ਵਿੱਚ ਰੈਣ ਬਸੇਰਾ ਕਰ ਰਹੇ ਭਾਰਤੀ ਭਾਈਚਾਰੇ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ, ਉਹ ਆਪਣੇ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਉੱਚੇਰੀ ਸਿੱਖਿਆ ਜ਼ਰੂਰ ਦਿਵਾਉਣ, ਕਿਉਂਕਿ ਜੇਕਰ ਉਨ੍ਹਾਂ ਦੇ ਬੱਚੇ ਇਟਲੀ ਵਿੱਚ ਉੱਚ ਪੱਧਰੀ ਸਿੱਖਿਆ ਹਾਸਲ ਕਰਨਗੇ ਤਾਂ ਹੀ ਇੱਕ ਦਿਨ ਭਵਿੱਖ ਵਿੱਚ ਭਾਰਤੀ ਬੱਚੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਹਾਸਲ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਯੁਵਰਾਜ ਸਿੰਘ ਨੇ ਭਵਿੱਖ ਲਈ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰ ਦੀ ਉੱਚ ਪੱਧਰੀ ਸਿੱਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਕੰਪਿਊਟਰ ਇੰਜੀਨੀਅਰ ਦੀ ਡਿਗਰੀ ਹਾਸਲ ਕਰਕੇ ਇਟਲੀ ਵਿੱਚ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨਾ ਚਾਹੁੰਦਾ ਹੈ।