ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਫਸੇ ਕੁਝ ਭਾਰਤੀ ਮੈਡੀਕਲ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਪੋਲੈਂਡ ਨਾਲ ਲੱਗਦੀ ਯੂਕਰੇਨੀ ਚੈਕਪੋਸਟ ‘ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ, ਉਨ੍ਹਾਂ ਨੂੰ ਲਗਭਗ ਬੰਧਕ ਵਰਗੀ ਸਥਿਤੀ ਵਿੱਚ ਰੱਖਿਆ ਗਿਆ ਸੀ ਅਤੇ ਠੰਢ ਵਿੱਚ ਵੀ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਨੂੰ ਤਰਸਣਾ ਪੈਂਦਾ ਸੀ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਇਹ ਸਲੂਕ ਇਸ ਲਈ ਕੀਤਾ ਗਿਆ ਕਿਉਂਕਿ ਭਾਰਤ ਨੇ ਯੂਕਰੇਨ ‘ਤੇ ਰੂਸੀ ਹਮਲੇ ਦੇ ਖਿਲਾਫ ਸੰਯੁਕਤ ਰਾਸ਼ਟਰ ‘ਚ ਪੇਸ਼ ਮਤੇ ‘ਤੇ ਵੋਟਿੰਗ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਵਿਦਿਆਰਥੀਆਂ ਨੇ ਵੀਡਿਓ ਵੀ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਸੈਨਿਕ ਹਵਾ ਵਿੱਚ ਗੋਲੀਬਾਰੀ ਕਰਦੇ ਹੋਏ ਅਤੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।
ਯੂਕਰੇਨ ‘ਚ ਸ਼ੁਰੂ ਹੋਈ ਜੰਗ ਤੋਂ ਬਾਅਦ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਕੱਢ ਕੇ ਭਾਰਤ ਲਿਆਂਦਾ ਗਿਆ ਹੈ ਪਰ ਫਿਰ ਵੀ ਉਥੋਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀ ਪੋਲੈਂਡ ਦੀ ਸਰਹੱਦ ‘ਤੇ ਫਸੇ ਹੋਏ ਹਨ।
ਜੰਗ ਤੋਂ ਬਚਣ ਲਈ ਕਈ ਵਿਦਿਆਰਥੀ ਰੇਲ, ਕਾਰ ਜਾਂ ਬੱਸ ਰਾਹੀਂ ਉੱਥੇ ਪਹੁੰਚ ਗਏ ਹਨ। ਕੁਝ ਵਿਦਿਆਰਥੀ ਇਸ ਆਸ ਵਿੱਚ ਮੀਲ ਦੂਰ ਦਾ ਸਫ਼ਰ ਕਰਕੇ ਸਰਹੱਦ ’ਤੇ ਪੁੱਜੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਿਸੇ ਹੋਰ ਮੁਲਕ ਵਿੱਚ ਦਾਖ਼ਲਾ ਮਿਲ ਜਾਵੇ।
- ਪ.ਐ.