ਪੁਲਸ ਦੇ ਸ਼ੱਕ ਵਿੱਚ ਆਏ ਮਾਪੇ ਚੁੱਪ-ਚੁਪੀਤੇ ਦੇਸ਼ ਨੂੰ ਦੌੜੇ
ਰਿਜੋਏਮੀਲੀਆ (ਇਟਲੀ) (ਦਲਵੀਰ ਕੈਂਥ) – ਇਟਲੀ ਦੇ ਰਿਜੋਏਮੀਲੀਆ ਇਲਾਕੇ ਦੇ ਕਸਬਾ ਨੋਵੇਲਾਰਾ ਤੋ ਇਕ 18 ਸਾਲਾ ਪਾਕਿਸਤਾਨੀ ਲੜਕੀ ਸਮਨ ਹੱਬਾਸ ਦੇ ਵਿਆਹ ਦਾ ਇੰਤਜ਼ਾਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਲਗਭਗ ਇਕ ਮਹੀਨੇ ਤੋਂ ਇਟਲੀ ਵਿਚ ਲਾਪਤਾ ਹੈ ਜਿਸ ਸੰਬੰਧੀ ਕਿਸੇ ਨੇ ਵੀ ਕੋਈ ਪੁਲਸ ਰਿਪੋਰਟ ਨਹੀ ਕੀਤੀ। ਉਸਦਾ ਪਹਿਲਾ ਕੇਸ ਜਿਹੜਾ ਸੁਰੱਖਿਆ ਦਾ ਸੀ ਹੁਣ ਉਸ ਦੇ ਮਾਪਿਆਂ ਵਿਰੁੱਧ ਕਤਲ ਕਰਨ ਦੇ ਖ਼ਦਸ਼ੇ’ਚ ਬਦਲ ਚੁੱਕਾ ਹੈ ਜੋ ਹੁਣ ਚੁੱਪ -ਚੁਪੀਤੇ ਇਟਲੀ ਛੱਡ ਕੇ ਵਾਪਸ ਪਾਕਿਸਤਾਨ ਭੱਜ ਗਏ ਹਨ।
> ਪਾਕਿਸਤਾਨੀ ਲੜਕੀ ਸਮਨ ਹੱਬਾਸ ਨੇ ਆਪਣੇ ਮਾਪਿਆਂ ਉਪਰ ਉਸ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਦਾ ਸੋਸਲ ਸਰਵਿਸਜ਼ ਨੂੰ ਹਵਾਲਾ ਦਿੱਤਾ ਗਿਆ ਸੀ ਤੇ ਉਸ ਦੇ ਪਾਕਿਸਤਾਨੀ ਚਾਚੇ ਦੇ ਮੁੰਡੇ ਨਾਲ ਵਿਆਹ ਬੀਤੇ 22 ਦਸੰਬਰ ਨੂੰ ਤੈਅ ਹੋਇਆ ਦੱਸਿਆ ਸੀ ਜਿਸ ਬਾਬਤ 17 ਦਸੰਬਰ ਨੂੰ ਏਅਰ ਲਾਈਨ ਦੀਆਂ ਟਿਕਟਾਂ ਵੀ ਖਰੀਦੀਆਂ ਗਈਆਂ ਸਨ ਪਰ ਉਸ ਸਮੇਂ ਸਮਨ ਹੱਬਾਸ ਨਾਬਾਲਗ ਸੀ ਜਿਸ ਕਾਰਨ ਉਸ ਦੇ ਮਾਪੇ ਉਸ ਨਾਲ ਧੱਕਾ ਕਰਨ ਵਿੱਚ ਅਸਫਲ ਰਹੇ।ਇਸ ਘਟਨਾ ਦੇ ਮਗਰੋਂ ਜਦੋ ਇਹ ਕੁੜੀ ਬਾਲਗ਼ ਹੋ ਗਈ ਤਾਂ ਫਿਰ ਮਮਤਾ ਵਿੱਚ ਭਾਵੁਕ ਹੋ ਆਪਣੇ ਮਾਪਿਆਂ ਕੋਲ ਹੀ ਚਲੇ ਗਈ ਜਦੋ ਕਿ ਪਹਿਲਾਂ ਪੁਲਸ ਪ੍ਰਸ਼ਾਸਨ ਨੇ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਆਪਣੀ ਦੇਖ-ਰੇਖ ਵਿੱਚ ਵੱਖਰੇ ਘਰ ਵਿੱਚ ਰੱਖਿਆ ਸੀ ।ਇਟਾਲੀਅਨ ਪੁਲਿਸ ਨੇ ਦੱਸਿਆ ਕਿ ਸਮਨ ਹੱਬਾਸ ਉੱਤਰੀ ਯੂਰਪ ਦੀ ਇੱਕ ਛੋਟੀ ਜਿਹੀ ਯਾਤਰਾ ‘ਤੇ ਜਾਣ ਤੋਂ ਬਾਅਦ ਗਾਇਬ ਹੋ ਜਾਦੀ ਹੈ ਜਿਸ ਨੂੰ ਇਕ ਮਹੀਨੇ ਤੋ ਵੱਧ ਲਾਪਤਾ ਹੋਣ ਤੇ ਪੁਲਸ ਦਾ ਸ਼ੱਕ ਸਮਨ ਹੱਬਾਸ ਦੇ ਮਾਪਿਆਂ ਤੇ ਕਤਲ ਕੀਤੇ ਜਾਣ ਵੱਲ ਦਿਖਾਈ ਦੇ ਰਿਹਾ ਹੈ ਕਿਉਂਕਿ ਪੁਲਸ ਨੂੰ ਮਿਲੀ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਅਨੁਸਾਰ 29 ਅਪ੍ਰੈਲ 2021 ਨੂੰ ਪਰਿਵਾਰ ਦੇ ਤਿੰਨ ਮੈਂਬਰ ਸ਼ਾਮ 7.15 ਵਜੇ ਸ਼ੱਕੀ ਸਮਾਨ ਨਾਲ ਘਰੋਂ ਬਾਹਰ ਜਾਂਦੇ ਹਨ ਤੇ ਰਾਤ 9.50 ਵਜੇ ਮੁੜਦੇ ਹਨ ।ਪੁਲਸ ਪ੍ਰਸ਼ਾਸਨ ਵਲੋ ਹੈਲੀਕਾਪਰ, ਸ਼ਰਚ ਮਸ਼ੀਨਾ ਅਤੇ ਕੁੱਤਿਆ ਦੀ ਮਦਦ ਨਾਲ ਇਲਾਕੇ ਵਿਚ ਲਾਪਤਾ ਇਸ ਪਾਕਿਸਤਾਨੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਫ਼ੋਨ ਵਰਤਣ ਦੀ ਵੀ ਪਰਿਵਾਰ ਵੱਲੋ ਮਨ੍ਹਾਹੀ ਸੀ । ਨਗਰ ਕੌਂਸਲ ਨੋਵੇਲਾਰਾ ਦੀ ਮੇਅਰ ਐਲੇਨਾ ਕਾਰਲੇਤੀ ਨੇ ਇਸ ਘਟਨਾ ਘਟਨਾ ਦੀ ਨਿਖੇਧੀ ਕਰਦਿਆਂ ਚਿੰਤਾ ਪ੍ਰਗਟਾਈ ਹੈ ਕਿ ਕੁੜੀ ਸਹੀ ਸਲਾਮਤ ਹੋਵੇ ।ਪ੍ਰਸ਼ਾਸਨ ਵੱਲੋ ਉਸ ਦੀ ਬਹੁਤ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਤੇ ਇਟਲੀ ਦੇ ਏਅਰ ਪੋਰਟਾਂ ਤੇ ਵੀ ਇਟਲੀ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਦੀ ਸੂਚੀ ਦੇਖੀ ਗਈ ਜਿਸ ਵਿੱਚ ਸਮਨ ਹੱਬਾਸ ਦਾ ਕੋਈ ਜ਼ਿਕਰ ਨਹੀ ਮਿਲਿਆ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਵਿੱਚ ਪਾਕਿਸਤਾਨ ਮੂਲ ਦੇ ਕੁਝ ਲੋਕਾਂ ਵੱਲੋ ਵਿਆਹ ਨੂੰ ਲੈਕੇ ਆਪਣੇ ਬੱਚਿਆਂ ਨਾਲ ਧੱਕੇਸ਼ਾਹੀ ਕਰਨ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ।ਕੁਝ ਵਿੱਚ ਤਾਂ ਬੱਚਿਆਂ ਨੂੰ ਅਜਿਹੀ ਗੁਸਤਾਖ਼ੀ ਦਾ ਖ਼ਮਿਆਜ਼ਾ ਮੌਤ ਦੇ ਰੂਪ ਵਿੱਚ ਮਿਲਿਆ ਸੀ।