ਨਿਓਸ ਏਅਰ ਲਾਈਨ ਦੀ ਰੋਮ ਅੰਮ੍ਰਿਸਤਰ ਸੇਵਾ ਭਾਰਤੀਆਂ ਲਈ ਹੋਵੇਗੀ ਲਾਹੇਵੰਦ – ਡਾ: ਨੀਨਾ ਮਲਹੋਤਰਾ
ਰੋਮ (ਇਟਲੀ) (ਦਲਵੀਰ ਕੈਂਥ) – ਇਹ ਸਾਲ ਇਟਲੀ ਅਤੇ ਭਾਰਤ ਦੇ 75 ਸਾਲ ਤੋਂ ਚੱਲੇ ਆ ਰਹੇ ਰਾਜਨੀਤਿਕ ਸਬੰਧਾਂ ਲਈ ਵਿਸ਼ੇਸ਼ ਹੈ. ਇਸ ਸਾਲ ਵਿੱਚ ਜਿੱਥੇ ਭਾਰਤ ਜੀ 20 ਦੀ ਮੇਜ਼ਬਾਨੀ ਕਰ ਰਿਹਾ ਹੈ, ਉੱਥੇ ਭਾਰਤ ਨਾਲ ਰਾਜਨੀਤਿਕ ਸਬੰਧਾਂ ਨੂੰ ਹੋਰ ਵਧੇਰੇ ਗੂੜਾ ਤੇ ਮਿਲਾਪੜਾ ਬਨਾਉਣਾ ਇਟਲੀ ਦੀ ਪ੍ਰਧਾਨ ਮੰਤਰੀ ਜੌਰਜਾ ਮੇਲੋਨੀ ਦਾ ਭਾਰਤ ਦੀ ਵਿਸ਼ੇਸ਼ ਫੇਰੀ ‘ਤੇ ਜਾਣਾ ਸ਼ਲਾਘਾਯੋਗ ਕਾਰਵਾਈ ਹੈ. ਅੱਜ ਇਟਲੀ ਦੇ ਭਾਰਤੀਆਂ ਲਈ ਇਟਲੀ ਦੀ ਸਿਰਮੌਰ ਏਅਰ ਲਾਈਨ ਨਿਓਸ ਵੱਲੋਂ ਰੋਮ, ਮਿਲਾਨ ਤੋਂ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ (ਭਾਰਤ) ਲਈ ਹਵਾਈ ਸੇਵਾ ਸ਼ੁਰੂ ਹੋ ਰਹੀ ਹੈ. ਜਿਸ ਲਈ ਨਿਓਸ ਏਅਰ ਲਾਈਨ ਦਾ ਪ੍ਰਬੰਧਕੀ ਬੋਰਡ ਵਧਾਈ ਦਾ ਪਾਤਰ ਹੈ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਸੀ ਰੋਮ ਦੀ ਸਤਿਕਾਰਤ ਰਾਜਦੂਤ ਡਾ: ਨੀਨਾ ਮਲਹੋਤਰਾ ਨੇ ਹਵਾਈ ਅੱਡੇ ਲਿਓਨਾਰਦੋ ਦ ਵਿਨਚੀ ਫਿਊਮੀਚੀਨੋ ਰੋਮ ਵਿਖੇ ਨਿਓਸ ਏਅਰ ਲਾਈਨ ਵੱਲੋਂ ਰੋਮ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ੁਰੂ ਹੋਣ ਜਾ ਰਹੀ ਹਵਾਈ ਸੇਵਾ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਕੀਤਾ। ਡਾ: ਨੀਨਾ ਮਲਹੋਤਰਾ ਨੇ ਕਿਹਾ ਕਿ, ਹਰ ਸਾਲ 30 ਮਿਲੀਅਨ ਭਾਰਤੀ ਭਾਰਤ ਤੋਂ ਹਵਾਈ ਸਫ਼ਰ ਕਰਦੇ ਹਨ, ਜਿਹਨਾਂ ਨੂੰ ਇਸ ਸੇਵਾ ਦਾ ਵੱਡਾ ਲਾਭ ਹੋਵੇਗਾ।
ਇਸ ਸਮਾਰੋਹ ਦਾ ਉਦਘਾਟਨ ਡਾ: ਨੀਨਾ ਮਲਹੋਤਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਜਦੋਂਕਿ ਇਸ ਸਮਾਰੋਹ ਦੌਰਾਨ ਕੇਕ ਕੱਟਣ ਦੀ ਰਸਮ ਡਾ: ਨੀਨਾ ਮਲਹੋਤਰਾ ਤੇ ਨਿਓਸ ਏਅਰ ਲਾਈਨ ਦੇ ਐਸ ਐਮ ਲੂਕਾ ਕੰਪਾਨਾਤੀ ਨੇ ਸਾਂਝੇ ਤੌਰ ‘ਤੇ ਅਦਾ ਕੀਤੀ। ਨਿਓਸ ਏਅਰ ਲਾਈਨ ਸਬੰਧੀ ਲੂਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਇਹ ਉਡਾਨ ਅੱਜ 5 ਅਪ੍ਰੈਲ ਤੋਂ ਪਹਿਲੀ ਵਾਰ ਸ਼ੁਰੂ ਹੋਈ ਹੈ. ਜਿਸ ਨੂੰ 787-900 ਡਰੀਮਲਾਈਨਰ ਕਿਹਾ ਜਾਂਦਾ ਹੈ, ਜਿਹੜੀ ਆਧੁਨਿਕ ਸੁੱਖ ਸਹੂਲਤਾਂ ਨਾਲ ਭਰਪੂਰ ਹੈ. ਜਿਸ ਵਿੱਚ 350 ਯਾਤਰੀ ਸਫ਼ਰ ਕਰਨਗੇ। ਨਿਓਸ ਏਅਰ ਲਾਈਨ ਇਸ ਸਮੇਂ ਦੁਨੀਆਂ ਦੇ 53 ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ।
ਉਦਘਾਟਨ ਸਮਾਰੋਹ ਮੌਕੇ ਇਟਲੀ ਦੇ ਭਾਰਤੀਆਂ ਨੂੰ ਬਿਹਤਰ ਤੇ ਸਸਤੀਆਂ ਹਵਾਈ ਸੇਵਾਵਾਂ ਪ੍ਰਦਾਨ ਕਰ ਰਹੇ ਵੋਲੋ ਫਲਾਈ ਡਾਟ ਕਾਮ ਦੇ ਤਲਵਿੰਦਰ ਸਿੰਘ ਰੋਮ ਨੇ ਕਿਹਾ ਕਿ, ਨਿਓਸ ਏਅਰ ਲਾਈਨ ਦੀ ਇਹ ਸ਼ਡਿਊਲ ਫਲਾਈਟ ਸੇਵਾ ਹੈ. ਜਿਹੜੀ ਕਿ ਨਿਰੰਤਰ ਇਟਲੀ ਦੇ ਭਾਰਤੀਆਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ। ਉਹ ਵੀ ਹੋਰ ਫਲਾਈਟਾਂ ਦੇ ਮੁਕਾਬਲੇ ਬਹੁਤ ਹੀ ਸਸਤੀ ਕੀਮਤ ਵਿੱਚ ਵਧੀਆਂ ਸਫਰ ਕਰਵਾਏਗੀ। ਇਟਲੀ ਦੇ ਭਾਰਤੀ ਖਾਸਕਰ ਪੰਜਾਬੀ ਹਮੇਸ਼ਾਂ ਹੀ ਪੰਜਾਬ ਦੇ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਇਟਲੀ ਤੋਂ ਸਿੱਧੀ ਅਜਿਹੀ ਹਵਾਈ ਉਡਾਨ ਦਾ ਸੁਪਨਾ ਦੇਖ ਰਹੇ ਸਨ, ਜਿਹੜੀ ਕਿ ਸੁੱਖ ਸਹੂਲਤਾ ਵਿੱਚ ਵੀ ਤੇ ਕੀਮਤ ਵਿੱਚ ਵੀ ਦਰੁਸਤ ਹੋਵੇ। ਪੰਜਾਬੀਆਂ ਦੇ ਇਸ ਸੁਪਨੇ ਨੂੰ ਸਾਕਾਰ ਕੀਤਾ ਹੈ ਨਿਓਸ ਏਅਰ ਲਾਈਨ ਨੇ. ਜਿਸ ਨੇ ਪਹਿਲੀ ਵਾਰ ਇੰਨਾ ਵੱਡਾ ਜਹਾਜ ਇਟਲੀ ਤੋਂ ਭਾਰਤ ਲਈ ਚਲਾਇਆ ਹੈ। ਇਸ ਉਦਘਾਟਨ ਸਮਾਰੋਹ ਮੌਕੇ ਕਈ ਨਾਮੀ ਸ਼ਖਸੀਅਤਾਂ ਵੀ ਮੌਜੂਦ ਸਨ।