ਰੋਮ (ਇਟਲੀ) 25 ਮਈ (ਸਾਬੀ ਚੀਨੀਆਂ) – ਇਟਲੀ ਵਿਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਅੰਬੈਸੀ ਰੋਮ ਅਤੇ ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਨਾਲ ਜਿੱਥੇ ਇਟਲੀ ਵਿਚ ਰਹਿ ਰਹੇ ਹਜਾਰਾਂ ਭਾਰਤੀ ਕਾਮਿਆਂ ਵਿਚ ਖੁਸ਼ੀ ਦੀ ਲਹਿਰ ਹੈ, ਉੱਥੇ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਦੀ ਅਵਾਜ਼ ਕਰਕੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਇਸ ਵਿਸ਼ੇ ਉੱਤੇ ਇੰਡੀਅਨ ਅੰਬੈਸੀ ਰੋਮ ਦੇ ਰਾਜਦੂਤ ਰੀਨਤ ਸੰਧੂ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਅੰਬੈਸਡਰ ਨੂੰ ਅਪੀਲ ਕੀਤੀ ਹੈ ਕਿ, ਵਿਦੇਸ਼ ਵਿਚ ਰਹਿਣ ਵਾਲਾ ਕੋਈ ਵੀ ਮਾਂ ਦਾ ਪੁੱਤ ਬਿਨਾਂ ਪਾਸਪੋਰਟ ਤੋਂ ਨਾ ਰਹਿ ਜਾਵੇ। ਸ: ਰਾਮੂਵਾਲੀਆ ਵੱਲੋਂ ਭਾਰਤੀ ਰਾਜਦੂਤ ਦੁਆਰਾ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਦੇ ਉਪਰਾਲੇ ਦੀ ਸ਼ਾਲਾਘਾ ਵੀ ਕੀਤੀ ਗਈ। ਸ: ਬਲਵੰਤ ਸਿੰਘ ਰਾਮੂਵਾਲੀਆ ਨੇ “ਪ੍ਰੈੱਸ” ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇਟਲੀ ਵਿਚ ਭਾਰਤੀ ਅੰਬੈਸੀ ਦੁਆਰਾ ਹਜਾਰਾਂ ਦੀ ਤਾਦਾਦ ਵਿੱਚ ਬਿਨਾਂ ਪੇਪਰਾਂ ਵਾਲੇ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਲਈ ਰਸਮੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਅੰਬੈਸੀ ਨੇ ਲੋੜ ਵੇਲੇ ਇਨ੍ਹਾਂ ਭਾਰਤੀਆਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਦੇ ਭਵਿੱਖ ਦੀ ਬਿਹਤਰੀ ਲਈ ਇਕ ਸੁਚੱਜਾ ਯਤਨ ਕੀਤਾ ਹੈ। ਇਟਲੀ ਦੇ ਪੇਪਰ ਲੈਣ ਉਪਰੰਤ ਇਹ ਨੌਜਵਾਨ ਆਪਣੇ ਪਰਿਵਾਰਾਂ ਨੂੰ ਵੀ ਮਿਲ ਸਕਣਗੇ।
ਜਿਕਰਯੋਗ ਹੈ ਕਿ ਸ: ਰਾਮੂਵਾਲੀਆ ਨੇ ਸਾਲ 2000 ਵਿੱਚ ਵੀ ਇਟਲੀ ਆ ਕੇ 1600 ਤੋਂ ਵੱਧ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਸੀ।