ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਭਾਰਤੀ ਲੋਕਾਂ ਦੀ ਮਿਹਨਤ ਦੀ ਗੂੰਜ ਚੁਫੇਰਿਓ ਸੁਣਨ ਨੂੰ ਮਿਲ ਰਹੀ ਹੈ, ਜਿਸ ਨਾਲ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਇਹ ਗੱਲ ਪ੍ਰਮਾਣਿਤ ਹੁੰਦੀ ਜਾ ਰਹੀ ਹੈ ਕਿ ਭਾਰਤੀ ਲੋਕ ਆਪਣੇ ਫੌਲਾਦੀ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਹਰ ਕਾਰੋਬਾਰੀ ਖੇਤਰ ਵਿੱਚ ਕਾਮਯਾਬੀ ਦੀਆਂ ਧੁੰਮਾਂ ਪਾਉਂਦੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਰਾਜਬੀਰ ਸਿੰਘ ਗਿੱਲ ਨੇ ਲਾਸੀਓ ਸੂਬੇ ਦੇ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਦੇ ਸੈਂਟਰ ਵਿੱਚ ਰੋਮਨ ਸੁਪਰ ਮਾਰਕੀਟ ਦਾ ਉਦਘਾਟਨ ਕਰਦਿਆਂ ਪ੍ਰੈੱਸ ਨਾਲ ਸਾਂਝੇ ਕਰਦਿਆਂ ਕਿਹਾ ਕਿ, ਇਟਲੀ ਵਿੱਚ ਸੁਪਨੇ ਅੱਖਾਂ ਵਿੱਚ ਸਜਾ ਕੇ ਆਉਣ ਵਾਲੇ ਭਾਰਤੀ ਨੌਜਵਾਨ ਲਗਨ ਤੇ ਇਮਾਨਦਾਰੀ ਨਾਲ ਮਿਹਨਤ ਕਰਨ ਕਾਮਯਾਬੀ ਆਪਣੇ ਆਪ ਉਹਨਾਂ ਦੇ ਵਰਤਮਾਨ ਤੇ ਚੰਗੇ ਭਵਿੱਖ ਨੂੰ ਰੁਸ਼ਨਾ ਦੇਵੇਗੀ।
ਗਿੱਲ ਨੇ ਕਿਹਾ ਕਿ, ਕਾਮਯਾਬੀ ਦਾ ਫ਼ਲ ਉਹਨਾਂ ਹੀ ਮਿੱਠਾ ਤੇ ਸੁਆਦ ਹੁੰਦਾ ਹੈ, ਜਿੰਨਾ ਤੁਸੀਂ ਉਸ ਦੇ ਬੂਟੇ ਨੂੰ ਸਖ਼ਤ ਮਿਹਨਤ ਤੇ ਸੰਜੀਦਗੀ ਨਾਲ ਸਿੰਜਿਆ ਹੋਵੇ। ਅੱਜ ਇਟਲੀ ਦੇ ਭਾਰਤੀ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਨਵੀਆਂ ਪੈੜ੍ਹਾਂ ਪਾਉਂਦਿਆ ਭਾਰਤ ਦਾ ਤੇ ਭਾਈਚਾਰੇ ਦਾ ਨਾਮ ਚਮਕਾ ਰਹੇ ਹਨ, ਜਿਹੜਾ ਸਭ ਲਈ ਮਾਣ ਵਾਲੀ ਗੱਲ ਹੈ। ਇਸ ਉਦਘਾਟਨੀ ਸਮਾਰੋਹ ਮੌਕੇ ਰੋਮਨ ਸੁਪਰ ਮਾਰਕੀਟ ਦੇ ਮਾਲਕ ਸਾਬੀ ਰੰਧਾਵਾ ਨੇ ਆਪਣੇ 2 ਦਹਾਕਿਆਂ ਦੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ, 20 ਸਾਲ ਪਹਿਲਾਂ ਉਹ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਇਟਲੀ ਭਵਿੱਖ ਬਿਹਤਰ ਬਣਾਉਣ ਆਏ ਸੀ. ਇੱਥੇ ਆਕੇ ਉਹਨਾਂ ਮਿਹਨਤ ਨੂੰ ਹੀ ਪੂਜਾ ਸਮਝਿਆ ਤੇ ਕਦੀਂ ਪਿੱਛੇ ਮੁੜ ਨਹੀਂ ਦੇਖਿਆ ਤੇ ਅੱਜ ਅਕਾਲ ਪੁਰਖ ਦੀਆਂ ਰਹਿਮਤਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿਸ ਦਾ ਉਦਘਾਟਨ ਵੀ ਉਹ ਆਪਣੇ ਭੁਝੰਗੀ ਰੋਮਨ ਰੰਧਾਵਾ ਦੇ 7ਵੇਂ ਜਨਮ ਦਿਨ ਮੌਕੇ ਕਰਕੇ ਆਪਣੀਆਂ ਖੁਸ਼ੀਆਂ ਸਮੁੱਚੇ ਭਾਈਚਾਰੇ ਨਾਲ ਸਾਂਝੀਆ ਕਰ ਰਹੇ ਹਨ। ਇਸ ਉਦਘਾਟਨੀ ਸਮਾਰੋਹ ਮੌਕੇ ਕੇਕ ਕੱਟਦਿਆਂ ਹਾਜ਼ਰੀਨ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ।