ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖ ਕੌਮ ਲਈ ਆਪਣੀ ਮਹਾਨ ਕੁਰਬਾਨੀ ਕਰਨ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਲਵੀਨੀਓ ਰੋਮ ‘ਚ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ. ਇਸ ਸਮਾਗਮ ਦੇ ਸੰਬੰਧ ਵਿੱਚ ਸ੍ਰੀ ਗ੍ਰੰਥ ਸਾਹਿਬ ਜੀ ਇਲਾਹੀ ਬਾਣੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਕੀਰਤਨੀਏ ਜਥੇ ਵਲੋਂ ਦੀਵਾਨ ਸਜਾਏ ਗਏ ਅਤੇ ਗੁਰੂ ਘਰ ਵਿਖੇ ਇੱਕਤਰ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ.
ਉਪਰੰਤ ਬੱਚਿਆਂ ਵਲੋਂ ਵਿਸ਼ੇਸ਼ ਤੌਰ ‘ਤੇ ਕੀਰਤਨ ਵੀ ਸਜਾਏ ਗਏ ਅਤੇ ਗੁਰਬਾਣੀ ਸ਼ਬਦਾਂ ਦਾ ਗੁਣਗਾਨ ਕੀਤਾ ਗਿਆ. ਇਸ ਮੌਕੇ ਵਿਸ਼ੇਸ਼ ਤੌਰ ਤੇ ਬੱਚਿਆਂ ਲਈ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਬਣੀ ਧਾਰਮਿਕ ਫ਼ਿਲਮ ਵੀ ਦਿਖਾਈ ਗਈ. ਪ੍ਰੰਬਧਕਾਂ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਹਰ ਸਾਲ ਸਾਵਣ ਮਹੀਨੇ ਆਪਣੇ ਬੱਚਿਆਂ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ ਨਾ ਕਿ ਤੀਆਂ ਦੇ ਤਿਉਹਾਰ ਨੂੰ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਅਤੇ ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਜ਼ੋ ਬੱਚੇ ਇਟਲੀ ਵਿੱਚ ਰਹਿ ਕੇ ਆਪਣੇ ਧਰਮ ਨਾਲ ਜੁੜੇ ਰਹਿਣ। ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ.