ਇਨ੍ਹਾਂ ਵਿਚ ਇੰਡੀਅਨ, ਪਾਕਿਸਤਾਨੀ ਅਤੇ ਇਟਾਲੀਅਨ ਸ਼ਾਮਿਲ
ਲਾਤੀਨਾ (ਇਟਲੀ) (ਪੰਜਾਬ ਐਕਸਪ੍ਰੈੱਸ) – ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਬੜਾਵਾ ਦੇਣ, ਜਾਅਲੀ ਦਸਤਾਵੇਜ ਬਨਾਉਣ ਦੇ ਜੁਰਮ ਤਹਿਤ ਲਾਤੀਨਾ ਜਿਲ੍ਹਾ ਦੇ ਗ੍ਰਿਫ਼ਤਾਰ ਕੀਤੇ ਗਏ 5 ਵਿਅਕਤੀਆਂ ਦੀ ਇਟਲੀ ਦੀ ਪੁਲਿਸ ਵੱਲੋਂ ਪਹਿਚਾਣ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿਅਕਤੀਆਂ ਵਿਚ ਇੰਡੀਅਨ, ਪਾਕਿਸਤਾਨੀ ਅਤੇ ਇਟਾਲੀਅਨ ਵਿਅਕਤੀ ਸ਼ਾਮਿਲ ਹਨ। ਇਨ੍ਹਾਂ ਵਿਚੋਂ ਪ੍ਰੈਫੇਤੂਰਾ ਵਿਚ ਕੰਮ ਕਰਨ ਵਾਲਾ ਕਰਮਚਾਰੀ ਦਾਨੀਲੋ ਨੀਗਰੋ, ਇੰਡੀਆ ਦੇ ਮੁਨੀਸ਼ ਕੁਮਾਰ ਅਤੇ ਪਾਕਿਸਤਾਨ ਦੇ ਮੁਹੰਮਦ ਅਫ਼ਜਲ ਨੂੰ ਡਿਸਟਰਿਕ ਹਾਊਸ, ਜਦਕਿ ਇੰਡੀਆ ਦੇ ਲੇਬਰ ਸੰਸਥਾ (ਸੀਜਲ) ਦੇ ਸਰਗਰਮ ਕਾਰਜਕਰਤਾ ਰਹਿ ਚੁੱਕੇ ਦਵਿੰਦਰ ਸਿੰਘ ਨੰਦਾ ਨੂੰ ਘਰ ਦੀ ਜੇਲ ਵਿਚ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਨੰਦਾ ਖੇਤੀਬਾੜੀ ਕਰਮਚਾਰੀਆਂ ਦੇ ਹੱਕ ਦੀ ਲੜਾਈ ਲੜ੍ਹਨ ਵਾਲੇ ਸੰਗਠਨ ਨਾਲ ਪੂਰਨ ਤੌਰ ‘ਤੇ ਜੁੜੇ ਹੋਏ ਸਨ, ਜਿਸਦੀ ਆੜ੍ਹ ਵਿਚ ਅੰਦਰ ਖਾਤੇ ਧਾਂਦਲੀ ਚੱਲਦੀ ਸੀ। ਪੰਜਵੇ ਵਿਅਕਤੀ ਦੀ ਤਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 18 ਹੋਰ ਵਿਅਕਤੀਆਂ ਦੀ ਪੜ੍ਹਤਾਲ ਪੁਲਿਸ ਵੱਲੋਂ ਜਾਅਲੀ ਦਸਤਾਵੇਜ਼ ਆਦਿ ਬਨਾਉਣ ਦੇ ਜੁਰਮ ਤਹਿਤ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਲੰਬੇ ਸਮੇਂ ਤੋਂ ਇਨ੍ਹਾਂ ਵਿਅਕਤੀਆਂ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖੀ ਜਾ ਰਹੀ ਸੀ। 2019 ਤੋਂ ਸ਼ੁਰੂ ਹੋਈ ਇਸ ਜਾਂਚ ਦੌਰਾਨ ਇਨ੍ਹਾਂ ਵਿਅਕਤੀਆਂ ਵੱਲੋਂ ਇਟਲੀ ਵਿਚ ਰਹਿਣ ਅਤੇ ਕੰਮ ਕਰਨ ਲਈ ਲੌਂੜੀਂਦੇ ਜਰੂਰੀ ਦਸਤਾਵੇਜ ਜਾਅਲੀ ਬਣਾ ਕੇ ਵਿਦੇਸ਼ੀਆਂ ਨੂੰ ਪ੍ਰਦਾਨ ਕਰਵਾਏ ਜਾਂਦੇ ਹਨ, ਜਿਨਾਂ ਦੇ ਬਦਲੇ ਮੋਟੀ ਰਕਮ ਇਹ ਮਜਬੂਰ ਲੋਕਾਂ ਤੋਂ ਵਸੂਲਦੇ ਸਨ, ਜਿਨਾਂ ਨੂੰ ਅਧਾਰ ਬਣਾ ਕੇ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਗਰੁੱਪ ਕੋਲੋਂ ਭਾਰੀ ਮਾਤਰਾ ਵਿਚ ਜਾਅਲੀ ਦਸਤਾਵੇਜ ਅਤੇ ਆਈਟੀ ਮੀਡੀਆ ਨੂੰ ਪੁਲਿਸ ਵੱਲੋਂ ਜਬਤ ਕੀਤਾ ਗਿਆ ਹੈ।