in

ਲਾਤੀਨਾ : ਪਵਨਦੀਪ ਮਾਨ ਨੇ ਮੈਡੀਕਲ ਡਿਗਰੀ ਹਾਸਿਲ ਕਰ ਵਧਾਇਆ ਇੰਡੀਆ ਦਾ ਮਾਣ

ਪਿਤਾ ਨਛੱਤਰ ਸਿੰਘ ਮਾਨ, ਮਾਤਾ ਜਸਪਾਲ ਕੌਰ ਮਾਨ, ਛੋਟੀ ਭੈਣ ਅਤੇ ਛੋਟੇ ਭਰਾ ਨਾਲ ਪਵਨਦੀਪ ਮਾਨ.

ਲਾਤੀਨਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਵਿੱਦਿਆ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਪਾਉਣ ਲਈ ਇਨਸਾਨ ਨੂੰ ਸਖ਼ਤ ਮਿਹਨਤ ਤਾਂ ਜਰੂਰ ਕਰਨੀ ਪੈਂਦੀ ਹੈ, ਪਰ ਪਹਿਨਣ ਤੋਂ ਬਆਦ ਇਸ ਗਹਿਣੇ ਨੂੰ ਤੁਹਾਡੇ ਕੋਲੋ ਕੋਈ ਲੁਟੇਰਾ ਖੋਹ ਨਹੀਂ ਸਕਦਾ ਤੇ ਇਹ ਪ੍ਰਵਾਸ ਕੱਟਣ ਵਾਲੇ ਇਨਸਾਨਾਂ ਲਈ ਤਾਂ ਬਹੁਤ ਜਰੂਰੀ ਹੈ, ਕਿਉਂਕਿ ਤੀਜੇ ਨੇਤਰ ਗਿਆਨ ਨਾਲ ਅਸੀਂ ਆਪਣੀ ਕਾਮਯਾਬੀ ਨੂੰ ਬੁਲੰਦੀ ਉਪੱਰ ਲਿਜਾਅ ਸਕਦੇ ਹਾਂ. ਵਿੱਦਿਆ ਇਨਸਾਨ ਨੂੰ ਸਦਾ ਹੀ ਗਿਆਨ ਦੇ ਚਾਨਣ ਵਿੱਚ ਰੱਖਦੀ ਹੈ, ਜਿਸ ਦੀ ਬਦੌਲਤ ਸਮਾਜ ਵਿੱਚ ਗਿਆਨਵਾਨ ਇਨਸਾਨਾਂ ਦਾ ਸਤਿਕਾਰ ਤੇ ਸਹੀ ਮੁੱਲ ਪੈਂਦਾ ਹੈ. ਦੁਨੀਆ ਵਿੱਚ ਦੇਖਿਆ ਜਾਵੇ ਤਾਂ ਜਿਹੜੇ ਭਾਰਤੀਆਂ ਨੇ ਕਾਮਯਾਬੀ ਦੇ ਝੰਡੇ ਦੇਸ਼-ਵਿਦੇਸ਼ ਗੱਡੇ ਹਨ, ਉਸ ਵਿੱਚ ਵਿੱਦਿਆ ਦਾ ਵੱਡਮੁੱਲਾ ਯੋਗਦਾਨ ਹੈ. ਇਟਲੀ ਵਿੱਚ ਵੀ ਆਏ ਭਾਰਤੀ ਬੱਚੇ ਵਿੱਦਿਆਕ ਖੇਤਰ ਵਿੱਚ ਜਿਸ ਤਰ੍ਹਾਂ ਨੰਬਰ ਲੈਣ ਵਾਲੇ ਰਿਕਾਰਡ ਬਣਾ ਰਹੇ ਹਨ ਉਸ ਨਾਲ ਹੋਰ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕ ਵੀ ਜੀਭ ਦੰਦਾਂ ਹੇਠ ਲੈਣ ਲਈ ਮਜ਼ਬੂਰ ਹਨ ਕਿ ਇਹ ਭਾਰਤੀ ਬੱਚੇ ਆਖ਼ਿਰ ਕਿਵੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਖੂੰਜੇ ਲਾ ਰਹੇ ਹਨ।
ਇਟਲੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬੱਚੇ ਪੜਾਈ ਵਿੱਚ ਪਹਿਲੇ ਨੰਬਰ ਉਪੱਰ ਆਉਣ ਨਾਲ ਹੁਣ ਇਟਾਲੀਅਨ ਲੋਕਾਂ ਨੂੰ ਇਹ ਗੱਲ ਭਲੀਭਾਂਤ ਸਮਝ ਲੱਗ ਰਹੀ ਹੈ ਕਿ ਭਾਰਤੀ ਲੋਕ ਹੁਣ ਵਿੱਦਿਅਕ ਖੇਤਰ ਵਿੱਚ ਵੀ ਉਹਨਾਂ ਤੋਂ ਪਿੱਛੇ ਨਹੀਂ ਜਦੋਂ ਕਿ ਕੰਮਾਂਕਾਰਾਂ ਤੇ ਇਮਾਨਦਾਰੀ ਲਈ ਇਟਾਲੀਅਨ ਲੋਕ ਪਹਿਲਾਂ ਹੀ ਭਾਰਤੀ ਲੋਕਾਂ ਦਾ ਲੋਹਾ ਮੰਨਦੇ ਹਨ,
ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੀ ਵਸਨੀਕ ਅਤੇ ਪਿਤਾ ਨਛੱਤਰ ਸਿੰਘ ਮਾਨ ਤੇ ਮਾਤਾ ਜਸਪਾਲ ਕੌਰ ਮਾਨ ਦੀ ਧੀ ਪਵਨਦੀਪ ਮਾਨ ਨੇ ਆਪਣੀ ਮੈਡੀਕਲ ਪੜ੍ਹਾਈ ਪੂਰੀ ਕਰਕੇ ਬੀਤੇ ਦਿਨ ਡਿਗਰੀ ਹਾਸਲ ਕੀਤੀ ਹੈ. ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਵਨਦੀਪ ਮਾਨ ਨੇ ਕਿਹਾ ਕਿ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ਜ਼ੋ ਸੁਪਨਾ ਮੈਂ ਅਤੇ ਪਰਿਵਾਰ ਨੇ ਦੇਖਿਆ ਸੀ ਉਹ ਅੱਜ ਪਰਮਾਤਮਾ ਦੀ ਕਿਰਪਾ ਅਤੇ ਮਿਹਨਤ ਸਦਕਾ ਉਹ ਪੂਰਾ ਹੋ ਗਿਆ ਹੈ. ਉਨ੍ਹਾਂ ਦੱਸਿਆ ਕਿ, ਮੈਂ ਇਹ ਡਿਗਰੀ ਰਾਜਧਾਨੀ ਰੋਮ ਵਿੱਚ ਸਥਿਤ ਯੂਨੀਵਰਸਿਟੀ ‘ਤੋਰੇ ਵੇਰਗਾਤਾ’ ਤੋਂ ਪੜ੍ਹਾਈ ਪੂਰੀ ਕਰਨ ਤੋਂ ਮਗਰੋਂ ਬੀਤੇ ਦਿਨ ਨਰਸਿੰਗ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ. ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾਂਗੇਵਾਲ ਨਾਲ ਸੰਬੰਧਿਤ ਪਵਨਦੀਪ ਮਾਨ ਜ਼ੋ ਕਿ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਵਿਖੇ ਰਹਿ ਰਹੀ ਹੈ, ਨੇ ਅੱਗੇ ਕਿਹਾ, ਮੈਨੂੰ ਇਸ ਮੁਕਾਮ ਤੇ ਪਹੁੰਚਾਉਣ ਵਿੱਚ ਮੇਰੇ ਪਰਿਵਾਰ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ.
ਪਵਨਦੀਪ ਮਾਨ ਨੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਸਨੇਹਾ ਦਿੰਦਿਆਂ ਕਿਹਾ ਕਿ, ਇਟਲੀ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਲੜਕੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਜ਼ਰੂਰ ਸਹਿਯੋਗ ਦੇਣ, ਕਿਉਂਕਿ ਲੜਕੀਆਂ ਵੀ ਲੜਕਿਆਂ ਵਾਂਗ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ, ਦੂਜੇ ਪਾਸੇ ਪਿਤਾ ਨਛੱਤਰ ਸਿੰਘ ਮਾਨ ਨੇ ਕਿਹਾ ਕਿ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ, ਵਿਦੇਸ਼ਾਂ ਦੀ ਧਰਤੀ ਤੇ ਸਾਡੀ ਬੇਟੀ ਨੇ ਇਹ ਮੁਕਾਮ ਹਾਸਲ ਕੀਤਾ ਹੈ. ਇਟਲੀ ਅਤੇ ਭਾਰਤ ਵਸਦੇ ਦੋਸਤਾਂ, ਰਿਸ਼ਤੇਦਾਰਾਂ ਵਲੋਂ ਪਰਿਵਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ.

ਸੰਤ ਸੁਰਿੰਦਰ ਦਾਸ ਦੇ ਸਦੀਵੀਂ ਵਿਛੋੜੇ ਨਾਲ ਸਮਾਜ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ

ਇਟਲੀ : ਈਸਟਰ ਦੌਰਾਨ ਪੂਰਾ ਦੇਸ਼ ਰਹੇਗਾ ‘ਰੈੱਡ ਜ਼ੋਨ’